ਈ ਡੀ ਸੰਮਨ ਮਾਮਲੇ ’ਚ ਸੋਰੇਨ ਅਦਾਲਤ ’ਚ ਪੇਸ਼
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਰਾਂਚੀ ਸਥਿਤ ਐੱਮ ਪੀ-ਐੱਮ ਐੱਲ ਏ ਅਦਾਲਤ ਵਿੱਚ ਪੇਸ਼ ਹੋਏ। ਇਹ ਮਾਮਲਾ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਜਾਰੀ ਕੀਤੇ ਸੰਮਨਾਂ ਦੀ ਪਾਲਣਾ ਨਾ ਕਰਨ ਨਾਲ ਜੁੜਿਆ ਹੋਇਆ ਹੈ। ਵਕੀਲ ਪ੍ਰਦੀਪ ਚੰਦਰਾ ਅਨੁਸਾਰ ਮੁੱਖ ਮੰਤਰੀ...
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਰਾਂਚੀ ਸਥਿਤ ਐੱਮ ਪੀ-ਐੱਮ ਐੱਲ ਏ ਅਦਾਲਤ ਵਿੱਚ ਪੇਸ਼ ਹੋਏ। ਇਹ ਮਾਮਲਾ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਜਾਰੀ ਕੀਤੇ ਸੰਮਨਾਂ ਦੀ ਪਾਲਣਾ ਨਾ ਕਰਨ ਨਾਲ ਜੁੜਿਆ ਹੋਇਆ ਹੈ। ਵਕੀਲ ਪ੍ਰਦੀਪ ਚੰਦਰਾ ਅਨੁਸਾਰ ਮੁੱਖ ਮੰਤਰੀ ਨੇ ਅਦਾਲਤ ਵਿੱਚ ਸੱਤ-ਸੱਤ ਹਜ਼ਾਰ ਰੁਪਏ ਦੇ ਦੋ ਜ਼ਮਾਨਤੀ ਮੁਚੱਲਕੇ ਭਰੇ। ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਹੋਵੇਗੀ, ਜਿਸ ਵਿੱਚ ਸੋਰੇਨ ਨੂੰ ਨਿੱਜੀ ਤੌਰ ’ਤੇ ਪੇਸ਼ ਨਹੀਂ ਹੋਣਾ ਪਵੇਗਾ, ਬਲਕਿ ਉਨ੍ਹਾਂ ਦੇ ਵਕੀਲ ਪੱਖ ਰੱਖਣਗੇ। ਜ਼ਿਕਰਯੋਗ ਹੈ ਕਿ ਝਾਰਖੰਡ ਹਾਈ ਕੋਰਟ ਨੇ ਬੁੱਧਵਾਰ ਨੂੰ ਸੋਰੇਨ ਨੂੰ ਰਾਹਤ ਦਿੰਦਿਆਂ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਸੀ, ਪਰ ਨਾਲ ਹੀ 6 ਦਸੰਬਰ ਨੂੰ ਅਦਾਲਤ ਵਿੱਚ ਹਾਜ਼ਰ ਹੋਣ ਦੀ ਸ਼ਰਤ ਵੀ ਰੱਖੀ ਸੀ। ਈ ਡੀ ਨੇ ਦੋਸ਼ ਲਾਇਆ ਸੀ ਕਿ ਕਥਿਤ ਜ਼ਮੀਨ ਘਪਲੇ ਦੇ ਮਾਮਲੇ ਵਿੱਚ ਜਾਰੀ ਨੋਟਿਸਾਂ ਦੇ ਬਾਵਜੂਦ ਸੋਰੇਨ ਪੁੱਛ-ਪੜਤਾਲ ਲਈ ਪੇਸ਼ ਨਹੀਂ ਹੋਏ ਸਨ। ਸੋਰੇਨ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਈ ਡੀ ਵੱਲੋਂ ਰਿਲਾਇੰਸ ਪਾਵਰ ਵਿਰੁੱਧ ਚਾਰਜਸ਼ੀਟ ਦਾਖਲ
ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਇੱਕ ਟੈਂਡਰ ਲਈ 68 ਕਰੋੜ ਰੁਪਏ ਦੀ ਕਥਿਤ ਜਾਅਲੀ ਬੈਂਕ ਗਾਰੰਟੀ ਜਾਰੀ ਕਰਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਪਾਵਰ ਲਿਮਟਿਡ ਤੇ 10 ਹੋਰਾਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸ਼ਿਕਾਇਤ ’ਚ ਨਾਮਜ਼ਦ ਹੋਰ ਦੋਸ਼ੀਆਂ ’ਚ ਰਿਲਾਇੰਸ ਪਾਵਰ ਦੇ ਸਾਬਕਾ ਸੀ ਐੱਫ ਓ ਅਸ਼ੋਕ ਕੁਮਾਰ ਪਾਲ, ਰਿਲਾਇੰਸ ਐੱਨ ਯੂ ਬੀ ਈ ਐੱਸ ਐੱਸ ਲਿਮਟਿਡ ਤੇ ਰੋਜ਼ਾ ਪਾਵਰ ਸਪਲਾਈ ਕੰਪਨੀ ਲਿਮਟਿਡ, ਉੜੀਸਾ ਆਧਾਰਿਤ ਸ਼ੈੱਲ ਕੰਪਨੀ ਬਿਸਵਾਲ ਟ੍ਰੇਡਲਿੰਕ ਪ੍ਰਾਈਵੇਟ ਲਿਮਟਿਡ, ਇਸ ਦੇ ਐੱਮ ਡੀ ਪਾਥਾ ਸਾਰਥੀ ਬਿਸਵਾਲ, ਵਪਾਰ ਵਿੱਤ ਸਲਾਹਕਾਰ ਅਮਰ ਨਾਥ ਦੱਤਾ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ ਦੀ ਪਟਿਆਲਾ ਹਾਊਸ ਕੋਰਟ ਵਿੱਚ ਮਨੀ ਲਾਂਡਰਿੰਗ ਐਕਟ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। -ਪੀਟੀਆਈ

