DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sonam Wangchuk ਨੂੰ ਜਬਰੀ ਹਸਪਤਾਲ ਪਹੁੰਚਾਇਆ

ਕੌਕਰੋਚ ਜਨਤਾ ਪਾਰਟੀ ਮੁਖੀ ਦੀਪਕੇ ਭੁੱਖ ਹਡ਼ਤਾਲ ’ਤੇ ਬੈਠੇ; ਸੋਮਵਾਰ ਨੂੰ ਸੰਸਦ ਮਾਰਚ ਸਿਰੇ ਚਾਡ਼੍ਹਨ ਦਾ ਅਹਿਦ

  • fb
  • twitter
  • whatsapp
  • whatsapp
featured-img featured-img
ਸੋਨਮ ਵਾਂਗਚੁਕ ਨੂੰ ਹਸਪਤਾਲ ਦਾਖ਼ਲ ਕਰਵਾਉਣ ਲਈ ਸੁਰੱਖਿਆ ਕਰਮੀ ਚੁੱਕ ਕੇ ਲਿਜਾਂਦੇ ਹੋਏ ਅਤੇ (ਸੱਜੇ) ਨਵੀਂ ਦਿੱਲੀ ’ਚ ਜੰਤਰ ਮੰਤਰ ’ਤੇ ਕੌਕਰੋਚ ਜਨਤਾ ਪਾਰਟੀ ਦੇ ਆਗੂ ਅਭਿਜੀਤ ਦੀਪਕੇ ਭੁੱਖ-ਹੜਤਾਲ ’ਤੇ ਬੈਠੇ ਹੋਏ । -ਫੋਟੋ: ਪੀਟੀਆਈ
Advertisement

ਦਿੱਲੀ ਪੁਲੀਸ ਨੇ ਅੱਜ ਜੰਤਰ ਮੰਤਰ ’ਤੇ ਲਗਾਤਾਰ 21 ਦਿਨ ਤੋਂ ਭੁੱਖ ਹੜਤਾਲ ’ਤੇ ਬੈਠੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੂੰ ਅਚਾਨਕ ਚੁੱਕ ਕੇ ਸਫ਼ਦਰਜੰਗ ਹਸਪਤਾਲ ਦਾਖ਼ਲ ਕਰਵਾ ਦਿੱਤਾ। ਉਹ ਹਾਲ ਹੀ ਵਿੱਚ ਹੋਏ ਕਥਿਤ ਪ੍ਰੀਖਿਆ ਪੇਪਰ ਲੀਕ ਮਾਮਲੇ ਸਬੰਧੀ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਭੁੱਖ ਹੜਤਾਲ ’ਤੇ ਬੈਠੇ ਸਨ।

ਨਵੀਂ ਦਿੱਲੀ ਦੇ ਪੁਲੀਸ ਡਿਪਟੀ ਕਮਿਸ਼ਨਰ ਸਚਿਨ ਸ਼ਰਮਾ ਨੇ ਦੱਸਿਆ ਕਿ ਵਾਂਗਚੁਕ ਦੀ ਸਿਹਤ ਵਿਗੜਨ ਤੋਂ ਬਾਅਦ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਲੋੜੀਂਦਾ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਦਿੱਲੀ ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਵਾਂਗਚੁਕ ਨੂੰ ਹਸਪਤਾਲ ਲਿਜਾਣ ਮੌਕੇ ਕੁਝ ਪ੍ਰਦਰਸ਼ਨਕਾਰੀਆਂ ਨੇ ਕਾਰਵਾਈ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕੁਝ ਸਮੇਂ ਲਈ ਹੰਗਾਮਾ ਹੋਇਆ ਪਰ ਪੁਲੀਸ ਮੁਲਾਜ਼ਮਾਂ ਨੇ ਪੂਰਾ ਸੰਜਮ ਵਰਤਿਆ ਅਤੇ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ।

Advertisement

ਹਸਪਤਾਲ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਡਾਕਟਰ ਵਾਂਗਚੁਕ ਦੀ ਜਾਂਚ ਕਰ ਰਹੇ ਹਨ। ਇੱਕ ਸੂਤਰ ਨੇ ਕਿਹਾ, ‘‘ਲੰਮ ਸਮੇਂ ਤੱਕ ਵਰਤ ਰੱਖਣ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਸੋਨਮ ਵਾਂਗਚੁਕ ਕਮਜ਼ੋਰ ਹੋ ਗਏ ਹਨ। ਉਨ੍ਹਾਂ ਦੀ ਹਾਲਤ ਭਾਵੇਂ ਸਥਿਰ ਹੈ ਪਰ ਸਰੀਰ ਦੇ ਪੈਮਾਨਿਆਂ ਨੂੰ ਆਮ ਵਾਂਗ ਲਿਆਉਣ ਲਈ ਲਗਾਤਾਰ ਨਿਗਰਾਨੀ ਅਤੇ ਇਲਾਜ ਦੀ ਲੋੜ ਹੈ।’’

Advertisement

ਸੋਨਮ ਵਾਂਗਚੁਕ ਨੂੰ ਜ਼ਬਰੀ ਹਸਪਤਾਲ ਲਿਜਾਣ ਮਗਰੋਂ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ 20 ਜੁਲਾਈ ਨੂੰ ਤੈਅਸ਼ੁਦਾ ਸੰਸਦ ਮਾਰਚ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ। ਪੁਲੀਸ ਦੀ ਕਾਰਵਾਈ ਤੋਂ ਤੁਰੰਤ ਬਾਅਦ ਅਭਿਜੀਤ ਦੀਪਕੇ ਨੇ ਐਕਸ ’ਤੇ ਪੋਸਟ ਵਿੱਚ ਲਿਖਿਆ, ‘‘ਦਿੱਲੀ ਪੁਲੀਸ ਨੇ ਕੁੱਟਮਾਰ ਮਗਰੋਂ ਮੈਨੂੰ ਹਿਰਾਸਤ ਵਿੱਚ ਲਿਆ ਗਿਆ।’’ ਦੀਪਕੇ ਨੇ ਦੋਸ਼ ਲਾਇਆ ਕਿ ਉਹ ਤਿਆਰ ਹੋਣ ਲਈ ਇੱਕ ਦੋਸਤ ਦੇ ਘਰ ਗਿਆ ਸੀ, ਪੁਲੀਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਕੁਝ ਸਮੇਂ ਲਈ ਹਿਰਾਸਤ ਵਿੱਚ ਰੱਖਿਆ। ਉਨ੍ਹਾਂ ਪੁਲੀਸ ਕਾਰਵਾਈ ਖ਼ਿਲਾਫ਼ ਦੇਸ਼ ਭਰ ਵਿੱਚ ਪ੍ਰਦਰਸ਼ਨ ਦਾ ਸੱਦਾ ਦਿੱਤਾ।

ਦੂਜੇ ਪਾਸੇ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਆਈਸਾ ਦੇ ਮੈਂਬਰ ਨੇਹਾ, ਆਮੀਨ ਅਤੇ ਮਨੀਸ਼ ਨੇ 21ਵੇਂ ਦਿਨ ਵੀ ਭੁੱਖ ਹੜਤਾਲ ਜਾਰੀ ਰੱਖੀ। ਨੇਹਾ ਨੇ ਕਿਹਾ, ‘‘ਸਰਕਾਰ ਇਸ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਕਰ ਰਹੀ ਸੀ ਅਤੇ ਹੁਣ 21ਵੇਂ ਦਿਨ ਉਹ ਸਾਨੂੰ ਅੰਦੋਲਨ ਖ਼ਤਮ ਕਰਨ ਲਈ ਮਜਬੂਰ ਕਰਨਾ ਚਾਹੁੰਦੇ ਹਨ। ਅਸੀਂ ਸਾਰਿਆਂ ਨੂੰ ਜੰਤਰ ਮੰਤਰ ਆਉਣ ਦੀ ਅਪੀਲ ਕਰਦੇ ਹਾਂ।’’ ਪ੍ਰਦਰਸ਼ਨਕਾਰੀ ਨੇ ਦੋਸ਼ ਲਾਇਆ ਕਿ ਪੁਲੀਸ ਧੱਕਾਮੁੱਕੀ ’ਚ ਕਈਆਂ ਨੂੰ ਸੱਟਾਂ ਲੱਗੀਆਂ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਣੇ ਕਈ ਵਿਰੋਧੀ ਨੇਤਾਵਾਂ ਨੇ ਪੁਲੀਸ ਕਾਰਵਾਈ ਦੀ ਆਲੋਚਨਾ ਕੀਤੀ ਹੈ। ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਵੀ ਜੰਤਰ ਮੰਤਰ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ। -ਪੀਟੀਆਈ

ਵਾਂਗਚੁਕ ਨੂੰ ਇਲਾਜ ਲਈ ਮਨਾਉਣ ਲੱਗੇ ਡਾਕਟਰ

ਨਵੀਂ ਦਿੱਲੀ: ਸਫ਼ਦਰਜੰਗ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਸਿਹਤ ਬੁਲੇਟਿਨ ਮੁਤਾਬਕ ਸੋਨਮ ਵਾਂਗਚੁਕ (59) ਨੂੰ ਸਵੇਰੇ 7:40 ਵਜੇ ਹਸਪਤਾਲ ਭਰਤੀ ਕਰਵਾਇਆ ਗਿਆ। ਦਾਖ਼ਲ ਕਰਨ ਵੇਲੇ ਉਹ ਹੋਸ਼ ਵਿੱਚ ਸਨ ਅਤੇ ਉਨ੍ਹਾਂ ਦੀ ਨਬਜ਼, ਬਲੱਡ ਪ੍ਰੈਸ਼ਰ ਅਤੇ ਆਕਸੀਜਨ ਦਾ ਪੱਧਰ ਸਥਿਰ ਸੀ। ਸਰੀਰ ਵਿੱਚ ਪਾਣੀ ਦੀ ਕਮੀ ਦੇ ਲੱਛਣ ਦੇਖੇ ਗਏ। ਖ਼ੂਨ ਜਾਂਚ ਦੌਰਾਨ ਬਲੱਡ ਸ਼ੂੁਗਰ ਦਾ ਪੱਧਰ ਘਟਣ ਅਤੇ ਸੀਰਮ ਪੋਟਾਸ਼ੀਅਮ ਦੀ ਘਾਟ ਦੀ ਪੁਸ਼ਟੀ ਹੋਈ। ਉਨ੍ਹਾਂ ਨੂੰ ਗਲੂਕੋਜ਼ ਡਰਿੱਪ ਲਗਵਾਉਣ ਦੀ ਸਲਾਹ ਦਿੱਤੀ ਗਈ ਸੀ ਪਰ ਮਰੀਜ਼ ਨੇ ਕਿਸੇ ਵੀ ਤਰ੍ਹਾਂ ਦੇ ਆਈ ਵੀ ਫਲੂਡਜ਼, ਓਰਲ ਰੀਹਾਈਡ੍ਰੇਸ਼ਨ ਫਲੂਡ (ਓ ਆਰ ਐੱਸ) ਜਾਂ ਕੋਈ ਹੋਰ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਹਸਪਤਾਲ ਸਿਹਤ ਬੁਲੇਟਿਨ ਮੁਤਾਬਕ ਸੋਨਮ ਵਾਂਗਚੁਕ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਲਾਜ ਲਈ ਮਨਾਇਆ ਜਾ ਰਿਹਾ ਹੈ।

ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕੋਈ ਇਲਾਜ ਨਾ ਹੋਵੇ: ਗੀਤਾਂਜਲੀ

ਵਾਂਗਚੁਕ ਦੀ ਪਤਨੀ ਗੀਤਾਂਜਲੀ ਜੇ ਅੰਗਮੋ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਡਾਕਟਰਾਂ ਦੀ ਸਹਿਮਤੀ ਤੋਂ ਬਿਨਾਂ ਵਾਂਗਚੁਕ ਨੂੰ ਕੋਈ ਵੀ ਡਾਕਟਰੀ ਇਲਾਜ ਨਾ ਦਿੱਤਾ ਜਾਵੇ। ਸੀ ਜੇ ਪੀ ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਨੇ ਵਾਂਗਚੁਕ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਹਟਾਇਆ ਅਤੇ ਇਸ ਕਾਰਵਾਈ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ’ਤੇ ਹਮਲਾ ਵੀ ਕੀਤਾ।

ਜੰਤਰ ਮੰਤਰ ’ਤੇ ਸੁਰੱਖਿਆ ਵਧਾਈ

ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਸਫ਼ਦਰਜੰਗ ਹਸਪਤਾਲ ਲਿਜਾਣ ਮਗਰੋਂ ਜੰਤਰ ਮੰਤਰ ਦੇ ਅੰਦਰ ਅਤੇ ਆਲੇ-ਦੁਆਲੇ, ਨਵੀਂ ਦਿੱਲੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਅਤੇ ਹਸਪਤਾਲ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲੀਸ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਧਰਨਾ ਵਾਲੀ ਥਾਂ ਅਤੇ ਨੇੜਲੇ ਇਲਾਕਿਆਂ ਵਿੱਚ ਪੁਲੀਸ ਮੁਲਾਜ਼ਮਾਂ ਅਤੇ ਅਰਧ-ਸੈਨਿਕ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਆਵਾਜਾਈ ਨੂੰ ਕਾਬੂ ਕਰਨ ਲਈ ਬੈਰੀਕੇਡ ਲਾਏ ਗਏ ਹਨ। ਸਫ਼ਦਰਜੰਗ ਹਸਪਤਾਲ ਦੇ ਅੰਦਰ ਅਤੇ ਆਲੇ-ਦੁਆਲੇ ਵੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਵਕ ਜਗ੍ਹਾ ਖ਼ਾਲੀ ਕਰਨ ਦੀ ਅਪੀਲ ਕੀਤੀ।

Advertisement
×