Hemkund Sahib Snowfall: ਹੇਮਕੁੰਟ ਸਾਹਿਬ ਯਾਤਰਾ ਦੀ ਸਮਾਪਤੀ ਤੋਂ ਪਹਿਲਾਂ ਮੁੜ ਬਰਫਬਾਰੀ
ਅੱਜ 2 ਵਜੇ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ ਕਿਵਾੜ
Hemkund Sahib Snowfall: ਉੱਤਰਾਖੰਡ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਬੀਤੀ ਸ਼ਾਮ ਮੁੜ ਭਾਰੀ ਬਰਫਬਾਰੀ ਹੋਈ। ਇਹ ਸਾਲਾਨਾ ਯਾਤਰਾ ਭਲਕੇ 10 ਅਕਤੂਬਰ ਨੂੰ ਸਮਾਪਤ ਹੋਵੇਗੀ। ਲਗਭਗ 15 ਹਜ਼ਾਰ ਫੁੱਟ ਤੋਂ ਵਧੇਰੇ ਉਚਾਈ ’ਤੇ ਸਥਾਪਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਭਲਕੇ ਬਾਅਦ ਦੁਪਹਿਰ 2 ਵਜੇ ਤੋਂ ਬਾਅਦ ਸੀਤ ਕਾਲ ਲਈ ਬੰਦ ਕਰ ਦਿੱਤੇ ਜਾਣਗੇ।
ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੀ ਈ ਓ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਗੁਰਦੁਆਰਾ ਹੇਮਕੁੰਟ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਉੱਚੀਆਂ ਪਹਾੜੀਆਂ ’ਤੇ ਭਾਰੀ ਬਰਫਬਾਰੀ ਹੋਈ ਹੈ, ਜਿਸ ਨਾਲ ਗੁਰਦੁਆਰਾ ਅਤੇ ਇਸ ਦੇ ਆਲੇ ਦੁਆਲੇ ਬਰਫ ਦੀ ਚਿੱਟੀ ਚੱਦਰ ਜੰਮ ਗਈ ਹੈ। ਇਸ ਦੌਰਾਨ ਬਰਫ ਨੂੰ ਹਟਾਉਣ ਵਾਸਤੇ ਮਸ਼ੀਨ ਦੀ ਵਰਤੋਂ ਕਰਨੀ ਪਈ ਤਾਂ ਜੋ ਸ਼ਰਧਾਲੂਆਂ ਦੀ ਸਹੂਲਤ ਲਈ ਰਸਤਾ ਬਣਿਆ ਰਹੇ। ਇਹ ਸਲਾਨਾ ਯਾਤਰਾ ਇਸ ਸਾਲ 20 ਮਈ ਨੂੰ ਆਰੰਭ ਹੋਈ ਸੀ ਅਤੇ ਹੁਣ ਤੱਕ ਲਗਭਗ ਪੌਣੇ ਚਾਰ ਲੱਖ ਸ਼ਰਧਾਲੂ ਇਸ ਯਾਤਰਾ ਦੌਰਾਨ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਯਾਤਰਾ ਦੀ ਸਮਾਪਤੀ ਭਲਕੇ ਦੱਸ ਅਕਤੂਬਰ ਨੂੰ ਹੋਵੇਗੀ। ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧੀ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

