
ਨਵੀਂ ਦਿੱਲੀ, 26 ਮਈ
ਸੁਪਰੀਮ ਕੋਰਟ ਨੇ ਜੇਲ੍ਹ ’ਚ ਬੰਦ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਅੱਜ ਮੈਡੀਕਲ ਆਧਾਰ ’ਤੇ ਛੇ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ। ਜੈਨ ਨੂੰ ਇਹ ਰਾਹਤ ਉਸ ਸਮੇਂ ਮਿਲੀ ਹੈ ਜਦੋਂ ਇਕ ਦਿਨ ਪਹਿਲਾਂ ਉਹ ਤਿਹਾੜ ਜੇਲ੍ਹ ਅੰਦਰ ਬੇਹੋਸ਼ ਹੋ ਕੇ ਡਿੱਗ ਗਏ ਸਨ ਅਤੇ ਉਨ੍ਹਾਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਦੇ ਆਈਸੀਯੂ ’ਚ ਦਾਖ਼ਲ ਕਰਵਾਇਆ ਗਿਆ ਹੈ। ‘ਆਪ’ ਆਗੂ ਪਿਛਲੇ ਸਾਲ ਮਈ ’ਚ ਈਡੀ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ’ਚ ਗ੍ਰਿਫ਼ਤਾਰੀ ਮਗਰੋਂ ਤਿਹਾੜ ਜੇਲ੍ਹ ’ਚ ਬੰਦ ਹੈ। ਜਸਟਿਸ ਜੇ ਕੇ ਮਹੇਸ਼ਵਰੀ ਅਤੇ ਪੀ ਐੱਸ ਨਰਸਿਮਹਾ ਦੇ ਬੈਂਚ ਨੇ ਜੈਨ ਨੂੰ ਆਪਣੀ ਮਰਜ਼ੀ ਦੇ ਹਸਪਤਾਲ ’ਚ ਇਲਾਜ ਕਰਾਉਣ ਦੀ ਖੁੱਲ੍ਹ ਦਿੰਦਿਆਂ ਕਿਹਾ ਕਿ ਉਹ 10 ਜੁਲਾਈ ਤੱਕ ਆਪਣਾ ਮੈਡੀਕਲ ਰਿਕਾਰਡ ਪੇਸ਼ ਕਰਨ। ਬੈਂਚ ਨੇ ਜੈਨ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ 11 ਜੁਲਾਈ ਤੱਕ ਅੰਤਰਿਮ ਜ਼ਮਾਨਤ ਦੌਰਾਨ ਉਹ ਮੀਡੀਆ ਨਾਲ ਕੋਈ ਗੱਲ ਨਾ ਕਰਨ। ਜੈਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਰੀੜ੍ਹ ਦੀ ਹੱਡੀ ਦੀ ਸਮੱਸਿਆ ਕਾਰਨ ਸਾਬਕਾ ਮੰਤਰੀ ਦਾ ਵਜ਼ਨ 35 ਕਿਲੋ ਘੱਟ ਗਿਆ ਹੈ। ਈਡੀ ਵੱਲੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਐੱਸ ਵੀ ਰਾਜੂ ਨੇ ਸਤੇਂਦਰ ਜੈਨ ਦਾ ਚੈਕਅੱਪ ਏਮਸ ਜਾਂ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰਾਂ ਦੀ ਟੀਮ ਤੋਂ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਮੈਡੀਕਲ ਰਿਪੋਰਟ ’ਚ ਇਲਾਜ ਦੀ ਸਲਾਹ ਦਿੱਤੀ ਗਈ ਤਾਂ ਜਾਂਚ ਏਜੰਸੀ ਉਸ ਦਾ ਵਿਰੋਧ ਨਹੀਂ ਕਰੇਗੀ। ਰਾਜੂ ਨੇ ਕਿਹਾ ਕਿ ਜੈਨ ਦਿੱਲੀ ਦਾ ਸਿਹਤ ਅਤੇ ਜੇਲ੍ਹ ਮੰਤਰੀ ਰਿਹਾ ਹੈ ਅਤੇ ਉਸ ਦੀ ਮੈਡੀਕਲ ਜਾਂਚ ਉਸ ਹਸਪਤਾਲ ’ਚ ਹੋਣੀ ਚਾਹੀਦੀ ਹੈ ਜੋ ਉਸ ਦੇ ਅਧੀਨ ਨਾ ਆਉਂਦਾ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਹਸਪਤਾਲਾਂ ਵੱਲੋਂ ਪਹਿਲਾਂ ਤਿਆਰ ਕੀਤੀਆਂ ਗਈਆਂ ਮੈਡੀਕਲ ਰਿਪੋਰਟਾਂ ਫਰਜ਼ੀ ਨਿਕਲੀਆਂ ਸਨ। ਬੈਂਚ ਨੇ ਕਿਹਾ ਕਿ ਉਹ ਏਮਸ ਜਾਂ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰਾਂ ਤੋਂ ਜਾਂਚ ਕਰਾਉਣ ਦੀ ਮੰਗ ਸਬੰਧੀ ਅਗਲੀ ਤਰੀਕ ’ਤੇ ਸੁਣਵਾਈ ਕਰਨਗੇ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ