S I R Row: ਸੀ ਪੀ ਐੱਮ ਆਗੂ ਬੇਬੀ ਵੱਲੋਂ ਕੇਜਰੀਵਾਲ ਨਾਲ ਮੁਲਾਕਾਤ
ਚੋਣ ਕਮਿਸ਼ਨ ਵਿਵਾਦ ਅਤੇ ਵਿਜਯਨ ਖ਼ਿਲਾਫ਼ ਈ ਡੀ ਦੀ ਕਾਰਵਾਈ ’ਤੇ ਚਰਚਾ ਕੀਤੀ
ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਐੱਮ ਏ ਬੇਬੀ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਅਜਿਹੇ ਸਮੇਂ ’ਚ ਹੋਈ ਹੈ ਜਦੋਂ ਵਿਰੋਧੀ ਦਲਾਂ ਨੇ ਚੋਣ ਕਮਿਸ਼ਨ ਦੇ ਕੰਮ-ਕਾਜ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਸਬੰਧੀ ਜਾਰੀ ਵਿਵਾਦ ਦਰਮਿਆਨ ਆਪਸੀ ਤਾਲਮੇਲ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਸ੍ਰੀ ਬੇਬੀ ਨੇ ਵਿਰੋਧੀ ਗੱਠਜੋੜ ਇੰਡੀਆ ਬਲਾਕ ਅਤੇ ਗ਼ੈਰ-ਐੱਨ ਡੀ ਏ ਪਾਰਟੀਆਂ ਨੂੰ ਐੱਸ ਆਈ ਆਰ ਪ੍ਰਕਿਰਿਆ ’ਤੇ ਤਿੰਨ ਮੈਂਬਰੀ ਚੋਣ ਕਮਿਸ਼ਨ ਵਿੱਚ ਮਤਭੇਦ ਨਾਲ ਜੁੜੀਆਂ ਖ਼ਬਰਾਂ ਤੋਂ ਬਾਅਦ ਦੇ ਘਟਨਾਕ੍ਰਮ ’ਤੇ ਸਾਂਝੀ ਚਰਚਾ ਲਈ ਪੱਤਰ ਲਿਖਿਆ ਸੀ। ਸੂਤਰਾਂ ਮੁਤਾਬਕ ਸ੍ਰੀ ਬੇਬੀ ਇਸ ਮੁੱਦੇ ਉੱਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਮੁੱਖ ਆਗੂ ਮਮਤਾ ਬੈਨਰਜੀ ਨਾਲ ਗੱਲਬਾਤ ਕਰ ਚੁੱਕੇ ਹਨ। ਮੁਲਾਕਾਤ ਦੌਰਾਨ ਸ੍ਰੀ ਬੇਬੀ ਅਤੇ ਸ੍ਰੀ ਕੇਜਰੀਵਾਲ ਨੇ ਪਾਰਟੀ ਦੇ ਪੋਲਿਟ ਬਿਓਰੋ ਮੈਂਬਰ ਤੇ ਕੇਰਲਮ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਖ਼ਿਲਾਫ਼ ਈ ਡੀ ਦੀ ਕਾਰਵਾਈ ਤੇ ਮੁੱਖ ਚੋਣ ਕਮਿਸ਼ਨਰ ਦੇ ਕੰਮ-ਕਾਜ ਸਬੰਧੀ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਤੋਂ ਬਾਅਦ ਦੇ ਘਟਨਾਕ੍ਰਮ ’ਤੇ ਚਰਚਾ ਕੀਤੀ।
ਸੀ ਪੀ ਐੱਮ ਵੱਲੋਂ ਚੋਣ ਕਮਿਸ਼ਨ ਦਾ ਸਪੱਸ਼ਟੀਕਰਨ ਰੱਦ
ਨਵੀਂ ਦਿੱਲੀ: ਸੀ ਪੀ ਆਈ (ਐੱਮ) ਨੇ ਚੋਣ ਕਮਿਸ਼ਨ ਦੇ ਕੰਮ-ਕਾਜ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਸਬੰਧੀ 26 ਸਤੰਬਰ ਨੂੰ ਜਾਰੀ ਕਮਿਸ਼ਨ ਦੇ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ ਹਾਲ ਹੀ ’ਚ ਹੋਏ ਖੁਲਾਸਿਆਂ ਤੋਂ ਉੱਠੇ ਗੰਭੀਰ ਮੁੱਦਿਆਂ ਦਾ ਇਸ ਵਿੱਚ ਕੋਈ ਹੱਲ ਨਹੀਂ ਕੀਤਾ ਗਿਆ। ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਦਹੁਰਾਈ। ਸੀ ਪੀ ਆਈ (ਐੱਮ) ਦੇ ਪੋਲਿਟ ਬਿਓਰੋ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਜੁਆਬਦੇਹ ਬਣਾਇਆ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਜੇਕਰ ਉਹ ਅਸਤੀਫ਼ਾ ਨਹੀਂ ਦਿੰਦੇ ਤਾਂ ਮਾੜੇ ਵਤੀਰੇ ਲਈ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

