ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ ਵਾਈ ਕੁਰੈਸ਼ੀ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦੀ ਚੱਲ ਰਹੀ ਮੌਜੂਦਾ ਮਸ਼ਕ ਲਈ ਚੋਣ ਕਮਿਸ਼ਨ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਅਮਲ ਮੁੱਖ ਰੂਪ ਵਿੱਚ ਲੋਕਾਂ ਨੂੰ (ਵੋਟਰ ਸੂਚੀਆਂ ’ਚੋਂ) ‘ਬਾਹਰ’ ਕੱਢਣ ਉੱਤੇ ਕੇਂਦਰਤ ਹੈ। ਇਸ ਨਾਲ ਨਾ ਸਿਰਫ਼ ਨਿਰਪੱਖ ਚੋਣ ਪ੍ਰਕਿਰਿਆ ਉੱਤੇ ਅਸਰ ਪਿਆ ਹੈ ਬਲਕਿ ਜਮਹੂਰੀਅਤ ਨੂੰ ਵੀ ਨੁਕਸਾਨ ਪੁੱਜਾ ਹੈ। ਕੁਰੈਸ਼ੀ ਆਪਣੀ ਨਵੀਂ ਪੁਸਤਕ ‘ਇੰਡੀਆ ਐਂਡ ਆਈ: ਏ ਹੰਡਰੈੱਡ ਮੈਮਰੀਜ਼, ਨੌਟ ਏ ਮੈਮੋਇਰ’ ਦੀ ਲਾਂਚ ਤੋਂ ਪਹਿਲਾਂ ਪੀ ਟੀ ਆਈ ਵੀਡੀਓਜ਼ ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ ਦੌਰਾਨ ਬੋਲ ਰਹੇ ਸਨ।
ਕੁਰੈਸ਼ੀ ਨੇ ਕਿਹਾ ਕਿ ਐੱਸ ਆਈ ਆਰ ਦੇ ਅਮਲ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕਿੰਨੇ ਲੋਕਾਂ ਦੇ ਨਾਮ ਹਟਾਏ ਜਾਣ। ਇੰਝ ਲੱਗਦਾ ਹੈ ਜਿਵੇਂ ਚੋਣ ਕਮਿਸ਼ਨ ਨੂੰ ਵੱਧ ਤੋਂ ਵੱਧ ਨਾਮ ਹਟਾਉਣ ਲਈ ਚੰਗੇ ਨੰਬਰ ਮਿਲਣਗੇ। ਹੈਸ਼ੇਟ ਇੰਡੀਆ ਵੱਲੋਂ ਪ੍ਰਕਾਸ਼ਤ ਕਿਤਾਬ ਕੁਰੈਸ਼ੀ ਦੀ ਜ਼ਿੰਦਗੀ ਦੇ 100 ਕਿੱਸਿਆਂ ’ਤੇ ਰੌਸ਼ਨੀ ਪਾਉਂਦੀ ਹੈ। ਕੁਰੈਸ਼ੀ ਨੇ ਕਿਹਾ ਕਿ ਵੋਟਰ ਵਜੋਂ ਦਰਜ ਹੋਣਾ ਸੰਵਿਧਾਨਕ ਹੱਕ ਹੈ, ਪਰ ਹਾਲਾਤ ਅਜਿਹੇ ਬਣਾ ਦਿੱਤੇ ਗਏ ਹਨ ਜਿਵੇਂ ਇਹ ਚੋਣ ਕਮਿਸ਼ਨ ਵੱਲੋਂ ਲੋਕਾਂ ’ਤੇ ਕੀਤਾ ਕੋਈ ਅਹਿਸਾਨ ਹੋਵੇ। ਉਨ੍ਹਾਂ ਵੋਟ ਪਾਉਣ ਦੇ ਅਧਿਕਾਰ ਨੂੰ ਬੁਨਿਆਦੀ ਹੱਕ ਬਣਾਉਣ ਦੀ ਵਕਾਲਤ ਕੀਤੀ। ਜੇ ‘ਨੋਟਾ’ ਤਹਿਤ ਵੋਟ ਨਾ ਪਾਉਣ ਦਾ ਅਧਿਕਾਰ ਮੌਲਿਕ ਹੱਕ ਹੋ ਸਕਦਾ ਹੈ, ਤਾਂ ਵੋਟ ਪਾਉਣ ਦਾ ਅਧਿਕਾਰ ਵੀ ਮੌਲਿਕ ਹੋਣਾ ਚਾਹੀਦਾ ਹੈ।
ਜਦੋਂ ਗਿਲੇ-ਸ਼ਿਕਵੇ ਦੂਰ ਕਰਨਾ ਲਈ ਭਾਗਵਤ ਨੂੰ ਮਿਲੇ...
ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ ਵਾਈ ਕੁਰੈਸ਼ੀ ਨੇ ਖ਼ੁਲਾਸਾ ਕੀਤਾ ਕਿ ਸਾਲ 2022 ਵਿੱਚ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨਾਲ ਮੁਸਲਿਮ ਵਫ਼ਦ ਦੀ ਮੁਲਾਕਾਤ ਦਾ ਮੁੱਖ ਮਕਸਦ ਦੇਸ਼ ਵਿੱਚ ਫੈਲ ਰਹੀ ਨਫ਼ਰਤ ਅਤੇ ਹਜੂਮੀ ਹਿੰਸਾ ਖ਼ਿਲਾਫ਼ ਸ਼ਿਕਾਇਤ ਕਰਨਾ ਸੀ। ਇਹ ਮੁਲਾਕਾਤ ਨਫ਼ਰਤ ਫੈਲਾਉਣ ਵਾਲੇ ਮੁੱਖ ਸਰੋਤ (ਆਰ ਐੱਸ ਐੱਸ) ਕੋਲ ਪਹੁੰਚ ਕੇ ਗਿਲੇ-ਸ਼ਿਕਵੇ ਦੂਰ ਕਰਨ ਲਈ ਕੀਤੀ ਗਈ ਸੀ। ਮੁਲਾਕਾਤ ਦੌਰਾਨ ਭਾਗਵਤ ਨੇ ਕਿਹਾ ਸੀ ਕਿ ਮੁਸਲਮਾਨਾਂ ਤੋਂ ਬਿਨਾਂ ਹਿੰਦੂ ਰਾਸ਼ਟਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ ਉਨ੍ਹਾਂ ਦਾ ਸੰਵਿਧਾਨ ਬਦਲਣ ਦਾ ਕੋਈ ਇਰਾਦਾ ਨਹੀਂ ਹੈ।
ਪੰਜਾਬ ਸਣੇ ਚਾਰ ਸੂਬਿਆਂ ’ਚ ਐੱਸ ਆਈ ਆਰ ਦਾ ਸਮਾਂ ਵਧਾਇਆ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਪੰਜਾਬ ਸਣੇ ਤਿੰਨ ਸੂਬਿਆਂ ਅਤੇ ਦਿੱਲੀ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਮੁਹਿੰਮ ਦਾ ਸਮਾਂ ਵਧਾ ਦਿੱਤਾ ਹੈ। ਨਵੇਂ ਪ੍ਰੋਗਰਾਮ ਅਨੁਸਾਰ ਪੰਜਾਬ ਵਿੱਚ ਬੂਥ ਲੈਵਲ ਅਫਸਰਾਂ (ਬੀ ਐੱਲ ਓਜ਼) ਵੱਲੋਂ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਪੜਤਾਲ ਹੁਣ 24 ਜੁਲਾਈ ਦੀ ਥਾਂ 3 ਅਗਸਤ ਤੱਕ ਜਾਰੀ ਰਹੇਗੀ। ਦਿੱਲੀ ਵਿੱਚ ਘਰ-ਘਰ ਜਾ ਕੇ ਵੋਟਰਾਂ ਦੀ ਸੂਚਨਾ ਇਕੱਠੀ ਕਰਨ ਦਾ ਕੰਮ ਹੁਣ 8 ਅਗਸਤ ਤੱਕ ਚੱਲੇਗਾ। ਕਰਨਾਟਕ ਵਿੱਚ ਵੀ ਘਰ-ਘਰ ਜਾਣ ਦੀ ਮਿਆਦ 8 ਅਗਸਤ ਤੱਕ ਵਧਾਈ ਗਈ ਹੈ। ਤਿਲੰਗਾਨਾ ਵਿੱਚ ਖਰੜਾ ਸੂਚੀ 10 ਅਗਸਤ ਨੂੰ ਆਵੇਗੀ। ਇਸ ਤੋਂ ਪਹਿਲਾਂ ਕਮਿਸ਼ਨ ਨੇ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਲਈ ਵੀ ਇਹ ਮਿਆਦ ਵਧਾਈ ਸੀ।

