DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕ ਸਭਾ ਅੰਦਰ ਜਮੂਦ ਬਰਕਰਾਰ

ਵਿਰੋਧੀ ਧਿਰਾਂ ਵੱਲੋਂ ਨਰਵਣੇ ਅਤੇ ਭਾਰਤ ਅਮਰੀਕਾ ਵਪਾਰ ਸਮਝੌਤੇ ’ਤੇ ਸਵਾਲ ਉਠਾਏ

  • fb
  • twitter
  • whatsapp
  • whatsapp
featured-img featured-img
ਸੰਸਦ ਦੇ ਬਜਟ ਇਜਲਾਸ ਦੌਰਾਨ ਲੋਕ ਸਭਾ ਵਿੱਚ ਸਪੀਕਰ ਦੀ ਕੁਰਸੀ ਮੂਹਰੇ ਖੜ੍ਹੇ ਹੋ ਕੇ ਪ੍ਰਦਰਸ਼ਨ ਕਰਦੇ ਹੋਏ ਸੰਸਦ ਮੈਂਬਰ। -ਫੋਟੋ: ਪੀਟੀਆਈ
Advertisement

ਲੋਕ ਸਭਾ ਵਿਚ ਅੱਜ ਲਗਾਤਾਰ ਤੀਜੇ ਦਿਨ ਸਰਕਾਰ ਅਤੇ ਵਿਰੋਧੀ ਧਿਰਾਂ ਦਰਮਿਆਨ ਹੰਗਾਮਾ ਜਾਰੀ ਰਿਹਾ। ਵਿਰੋਧੀ ਧਿਰਾਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ, ਵਿਰੋਧੀ ਧਿਰ ਦੇ ਅੱਠ ਸੰਸਦ ਮੈਂਬਰਾਂ ਦੀ ਮੁੁਅੱਤਲੀ ਤੇ ਸਾਬਕਾ ਥਲ ਸੈਨਾ ਮੁਖੀ ਐੱਮ ਐੱਮ ਨਰਵਣੇ ਦੀ ਅਣਪ੍ਰਕਾਸ਼ਿਤ ਕਿਤਾਬ ਦੇ ਹਵਾਲੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਆਪਣੀ ਮੁਹਿੰਮ ਜਾਰੀ ਰੱਖੀ। ਵਿਰੋਧੀ ਧਿਰਾਂ ਨਾਲ ਸਬੰਧਤ ਮਹਿਲਾ ਸੰਸਦ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਜਾ ਕੇ ਨਾਅਰੇਬਾਜ਼ੀ ਵੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਜਾਰੀ ਬਹਿਸ ਨੂੰ ਸ਼ਾਮ ਵੇਲੇ ਸਮੇਟਣਾ ਸੀ ਪਰ ਵਿਰੋਧੀ ਧਿਰਾਂ ਦੇ ਰੌਲੇ ਰੱਪੇ ਕਰ ਕੇ ਸਦਨ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨ ਮਗਰੋਂ ਸ਼ਾਮੀਂ ਪੰਜ ਵਜੇ ਦਿਨ ਭਰ ਲਈ ਚੁੱਕ ਦਿੱਤੀ ਗਈ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਨਰਵਣੇ ਦੀ ‘ਅਣਪ੍ਰਕਾਸ਼ਿਤ’ ਕਿਤਾਬ ਦਾ ਹਵਾਲਾ ਦੇਣ ਦੀ ਜ਼ਿੱਦ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੇਠਲੇ ਸਦਨ ਵਿਚ ਹੰਗਾਮਾ ਕੀਤਾ। ਹੰਗਾਮੇ ਕਰ ਕੇ ਸਦਨ ਪਹਿਲਾਂ ਤਿੰਨ ਵਾਰ (11ਵਜੇ, 12 ਵਜੇ ਤੇ 2 ਵਜੇ) ਮੁਲਤਵੀ ਹੋਣ ਮਗਰੋਂ ਦੁਪਹਿਰ 2 ਵਜੇ ਮੁੜ ਜੁੜਿਆ ਤਾਂ ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਨੇ ‘ਐਡਵਿਨਾ ਅਤੇ ਨਹਿਰੂ’ ਅਤੇ ‘ਮਿਤਰੋਖਿਨ ਆਰਕਾਈਵ’ ਵਰਗੀਆਂ ਕਿਤਾਬਾਂ ਦਾ ਹਵਾਲਾ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀਆਂ ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੁਝ ਟਿੱਪਣੀਆਂ ਕੀਤੀਆਂ। ਦੂਬੇ ਦੀਆਂ ਟਿੱਪਣੀਆਂ ਤੋਂ ਕਾਂਗਰਸ ਅਤੇ ਵਿਰੋਧੀ ਧਿਰਾਂ ਦੇ ਹੋਰ ਮੈਂਬਰ ਗੁੱਸੇ ਵਿੱਚ ਆ ਕੇ ਦੂਬੇ ਵੱਲ ਵਧੇ। ਮੈਂਬਰਾਂ ਨੇ ਸੱਤਾਧਿਰ ਦੇ ਬੈਂਚਾਂ ਕੋਲ ਜਾ ਕੇ ਨਾਅਰੇਬਾਜ਼ੀ ਕੀਤੀ। ਰੌਲਾ ਰੱਪਾ ਜਾਰੀ ਰਿਹਾ ਤਾਂ ਸਦਨ ਦੀ ਕਾਰਵਾਈ ਸ਼ਾਮ 5 ਵਜੇ ਤੱਕ ਮੁਲਤਵੀ ਕਰਨੀ ਪਈ।

Advertisement

ਇਸ ਮਗਰੋਂ ਕਾਂਗਰਸੀ ਐੱਮ ਪੀ ਸਪੀਕਰ ਓਮ ਬਿਰਲਾ ਨੂੰ ਮਿਲੇ ਤੇ ਦੂਬੇ ਨੂੰ ਕਿਤਾਬਾਂ ਦੇ ਹਵਾਲੇ ਨਾਲ ਬੋਲਣ ਦੀ ਇਜਾਜ਼ਤ ਦੇਣ ਖਿਲਾਫ਼ ਉਜ਼ਰ ਜਤਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੂੰ ਅਜਿਹਾ ਮੌਕਾ ਕਿਉਂ ਨਹੀਂ ਦਿੱਤਾ ਗਿਆ। ਵਿਰੋਧੀ ਧਿਰਾਂ ਨੇ ਦੂਬੇ ਨੂੰ ਸਦਨ ’ਚੋਂ ਮੁਲਤਵੀ ਕਰਨ ਦੀ ਮੰਗ ਕੀਤੀ।

Advertisement

ਸਦਨ 5 ਵਜੇ ਜੁੜਿਆ ਤਾਂ ਕਾਂਗਰਸ ਦੀ ਵਰਸ਼ਾ ਗਾਇਕਵਾੜ ਦੀ ਅਗਵਾਈ ਵਿਚ ਵਿਰੋਧੀ ਧਿਰਾਂ ਦੀ ਮਹਿਲਾ ਮੈਂਬਰਾਂ ਨੇ ਦੂਬੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਦੀ ਚੇਅਰ ਵੱਲ ਵਧੀਆਂ। ਲੋਕ ਸਭਾ ਦੀ ਕਾਰਵਾਈ ਚਲਾ ਰਹੀ ਭਾਜਪਾ ਦੀ ਸੰਧਿਆ ਰਾਏ ਨੇ ਸਦਨ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ।

ਪ੍ਰਧਾਨ ਮੰਤਰੀ ਨੇ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ: ਰਾਹੁਲ

ਨਵੀਂ ਦਿੱਲੀ: ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਸਾਬਕਾ ਫੌਜ ਮੁਖੀ ਐੱਮ ਐੱਮ ਨਰਵਣੇ ਦੀ ‘ਅਣਛਪੀ’ ਕਿਤਾਬ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਸਾਲ 2020 ਵਿੱਚ ਭਾਰਤ-ਚੀਨ ਟਕਰਾਅ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਲਿਆ ਸੀ ਅਤੇ ਸਾਰਾ ਦੋਸ਼ ਜਰਨੈਲ ਸਿਰ ਮੜ੍ਹ ਦਿੱਤਾ। ਸੰਸਦ ਭਵਨ ਕੰਪਲੈਕਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ‘ਅਣਛਪੀ’ ਕਿਤਾਬ ਦਿਖਾਉਂਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਦੇ ਨੌਜਵਾਨ ਜਾਣਨ ਕਿ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਇਹ ਪੁਸਤਕ ਮੌਜੂਦ ਹੈ। ਉਨ੍ਹਾਂ ਪੁਸਤਕ ਦਿਖਾਉਂਦਿਆਂ ਕਿਹਾ, ‘‘ਉਹ (ਸਰਕਾਰ) ਕਹਿੰਦੇ ਹਨ ਕਿ ਇਹ ਕਿਤਾਬ ਹੈ ਹੀ ਨਹੀਂ, ਇਹ ਰਹੀ ਕਿਤਾਬ। ਭਾਰਤ ਦੇ ਹਰ ਨੌਜਵਾਨ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਹ ਕਿਤਾਬ ਮੌਜੂਦ ਹੈ। ਇਹ ਨਰਵਣੇ ਜੀ ਦੀ ਕਿਤਾਬ ਹੈ, ਪਰ ਮੈਨੂੰ ਕਿਹਾ ਗਿਆ ਹੈ ਕਿ ਮੈਂ ਇਸ ਦਾ ਹਵਾਲਾ ਨਹੀਂ ਦੇ ਸਕਦਾ।’’ ਰਾਹੁਲ ਨੇ ਦਾਅਵਾ ਕੀਤਾ ਕਿ ਇਸ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਕਹੀ ਇੱਕ ਲਾਈਨ ‘‘ਜੋ ਸਹੀ ਸਮਝੋ, ਉਹ ਕਰੋ।’’ ਵੀ ਹੈ।

ਸੰਸਦ ਭਵਨ ਦੇ ਬਾਹਰ ਸਾਬਕਾ ਫ਼ੌਜ ਮੁਖੀ ਨਰਵਣੇ ਦੀ ਕਿਤਾਬ ਦਿਖਾਉਂਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ
ਸੰਸਦ ਭਵਨ ਦੇ ਬਾਹਰ ਸਾਬਕਾ ਫ਼ੌਜ ਮੁਖੀ ਨਰਵਣੇ ਦੀ ਕਿਤਾਬ ਦਿਖਾਉਂਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਕਾਂਗਰਸ ਆਗੂ ਨੇ ਕਿਹਾ, ‘‘ਨਰਵਣੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਫੋਨ ਕਰ ਕੇ ਦੱਸਿਆ ਕਿ ਚੀਨੀ ਟੈਂਕ ਸਰਹੱਦ ’ਤੇ ਆ ਗਏ ਹਨ। ਸਾਨੂੰ ਕੀ ਕਰਨਾ ਚਾਹੀਦਾ ਹੈ? ਪਰ ਰਾਜਨਾਥ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ। ਨਰਵਣੇ ਨੇ ਉਨ੍ਹਾਂ ਨੂੰ ਦੁਬਾਰਾ ਫੋਨ ਕੀਤਾ ਜਿਸ ’ਤੇ ਰੱਖਿਆ ਮੰਤਰੀ ਨੇ ਜਵਾਬ ਦਿੱਤਾ, ‘ਮੈਂ ਉਪਰੋਂ ਪੁੱਛਦਾ ਹਾਂ। ਉਪਰੋਂ ਹੁਕਮ ਆਇਆ ਕਿ ਜਦੋਂ ਚੀਨੀ ਫੌਜ ਸਾਡੇ ਖੇਤਰ ਅੰਦਰ ਦਾਖ਼ਲ ਹੋਵੇ ਤਾਂ ਬਿਨਾਂ ਪੁੱਛੇ ਗੋਲੀ ਨਾ ਚਲਾਇਓ।’’ ਰਾਹੁਲ ਨੇ ਦਾਅਵਾ ਕੀਤਾ, ‘‘ਸਾਡੀ ਫੌਜ ਚੀਨੀ ਟੈਂਕਾਂ ’ਤੇ ਹਮਲਾ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਏ ਸਨ। ਪਰ ਇਸ ਮੁਸ਼ਕਲ ਸਮੇਂ ਦੌਰਾਨ ਨਰਿੰਦਰ ਮੋਦੀ ਨੇ ਸੁਨੇਹਾ ਦਿੱਤਾ, ‘ਜੋ ਤੁਹਾਨੂੰ ਸਹੀ ਲੱਗਦਾ ਹੈ, ਉਹ ਕਰੋ। ਮਤਲਬ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਨਿਭਾਈ ਅਤੇ ਫੌਜ ਨੂੰ ਕਿਹਾ ਕਿ ਤੁਸੀਂ ਜੋ ਕਰਨਾ ਹੈ ਕਰੋ, ਮੇਰੇ ਵੱਸ ਦੀ ਗੱਲ ਨਹੀਂ।’’ ਵਿਰੋਧੀ ਧਿਰ ਦੇ ਨੇਤਾ ਅਨੁਸਾਰ, ਤਤਕਾਲੀ ਫੌਜ ਮੁਖੀ ਨਰਵਣੇ ਨੇ ਆਪਣੀ ਕਿਤਾਬ ਵਿੱਚ ਸਾਫ਼ ਲਿਖਿਆ, ‘‘ਮੈਨੂੰ ਬਹੁਤ ਇਕੱਲਾਪਨ ਮਹਿਸੂਸ ਹੋਇਆ; ਪੂਰੇ ਸਿਸਟਮ ਨੇ ਮੈਨੂੰ ਛੱਡ ਦਿੱਤਾ ਸੀ।’’ -ਪੀਟੀਆਈ

Advertisement
×