ਸਿੱਖ ਕਤਲੇਆਮ: ਅਮਿਤਾਭ ਬੱਚਨ ਨਿਰਦੋਸ਼ ਨਹੀਂ: ਜਥੇਦਾਰ ਗੜਗੱਜ
ਨਵੰਬਰ 1984 ਸਿੱਖ ਨਸਲਕੁਸ਼ੀ ਮਾਮਲੇ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਉੱਘੇ ਫਿਲਮ ਅਦਾਕਾਰ ਅਮਿਤਾਭ ਬੱਚਨ ’ਤੇ ਲੱਗੇ ਦੋਸ਼ਾਂ ਬਾਰੇ ਆਖਿਆ ਕਿ ਭਾਵੇਂ ਉਨ੍ਹਾਂ ਪੱਤਰ ਦੇ ਕੇ ਆਪਣਾ ਪੱਖ ਸਪੱਸ਼ਟ ਕੀਤਾ ਸੀ ਪਰ ਉਸ ਵਿਰੁੱਧ ਚਸ਼ਮਦੀਦ ਗਵਾਹ ਵੱਲੋਂ ਦਿੱਤੀ ਗਈ ਗਵਾਹੀ ਦੀ ਜਾਂਚ ਸਰਕਾਰ ਅਤੇ ਏਜੰਸੀਆਂ ਨੇ ਨਹੀਂ ਕੀਤੀ। ਇਸ ਲਈ ਉਹ ਅੱਜ ਵੀ ਸਿੱਖ ਚੇਤਨਾ ਅੰਦਰ ਇਸ ਮਾਮਲੇ ਵਿੱਚ ਨਿਰਦੋਸ਼ ਨਹੀਂ ਹਨ। ਜਥੇਦਾਰ ਨੇ ਇਹ ਗੱਲ ਉਸ ਵੇਲੇ ਆਖੀ ਹੈ ਜਦੋਂ ਪੰਜਾਬੀ ਕਲਾਕਾਰ ਦਲਜੀਤ ਦੋਸਾਂਝ ਵੱਲੋਂ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਏ ਜਾਣ ਕਾਰਨ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਅੱਜ ਇੱਥੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਅੱਜ ਤੱਕ 1984 ਵਿੱਚ ਕੀਤੇ ਗਏ ਕਤਲੇਆਮ ਦਾ ਇਨਸਾਫ਼ ਨਹੀਂ ਮਿਲਿਆ ਹੈ। ਸਿੱਖ ਨਸਲਕੁਸ਼ੀ ਕਰਨ ਵਾਲੇ ਬਹੁਤੇ ਦੋਸ਼ੀ ਫੜੇ ਨਹੀਂ ਗਏ ਤੇ ਖ਼ਾਸਕਰ ਕਈ ਵੱਡੇ ਸਿਆਸੀ ਆਗੂ ਅੱਜ ਵੀ ਆਜ਼ਾਦ ਹਨ, ਜਦਕਿ ਪੀੜਤ ਉਨ੍ਹਾਂ ਨੂੰ ਸਜ਼ਾਵਾਂ ਮਿਲਣ ਦੀ ਰਾਹ ਦੇਖ ਰਹੇ ਹਨ, ਜਿਨ੍ਹਾਂ ਲੋਕਾਂ ਜਾਂ ਕਾਂਗਰਸੀ ਆਗੂਆਂ ਖ਼ਿਲਾਫ਼ ਇਸ ਮਾਮਲੇ ਸਬੰਧੀ ਦੋਸ਼ ਲੱਗੇ ਸਨ, ਉਨ੍ਹਾਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸਰਕਾਰਾਂ ਤੇ ਏਜੰਸੀਆਂ ਦੀ ਸੀ ਜੋ ਉਨ੍ਹਾਂ ਨਹੀਂ ਨਿਭਾਈ। ਸਿੱਖ ਚੇਤਨਾ ਅਜਿਹੇ ਸਾਰੇ ਲੋਕਾਂ ਨੂੰ ਦੋਸ਼ੀ ਮੰਨਦੀ ਹੈ। ਬੀਤੇ ਦਿਨੀਂ ਦਿਲਜੀਤ ਦੋਸਾਂਝ ਵੱਲੋਂ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ਦੇ ਮਸਲੇ ਉੱਤੇ ਜਥੇਦਾਰ ਗੜਗੱਜ ਨੇ ਕਿਹਾ ਕਿ ਭਾਵੇਂ ਅਮਿਤਾਭ ਬੱਚਨ ਨੇ ਅਕਾਲ ਤਖ਼ਤ ਵਿਖੇ ਭੇਜੇ ਆਪਣੇ ਪੱਤਰ ਰਾਹੀਂ ਖੁਦ ਨੂੰ ਬੇਗੁਨਾਹ ਦੱਸਿਆ ਹੈ ਪਰ ਉਸ ਵਿਰੁੱਧ ਮਨਜੀਤ ਸਿੰਘ ਸੈਣੀ ਦੀ ਗਵਾਹੀ ਦੀ ਜਾਂਚ ਸਰਕਾਰ ਤੇ ਏਜੰਸੀਆਂ ਵੱਲੋਂ ਨਹੀਂ ਕੀਤੀ ਗਈ। ਇਸ ਲਈ ਸਿੱਖ ਚੇਤਨਾ ਅੰਦਰ ਹਾਲੇ ਤੱਕ ਉਹ ਸੁਰਖਰੂ ਨਹੀਂ ਹਨ।
ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਭਲਕੇ
ਅੰਮ੍ਰਿਤਸਰ (ਟਨਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਸਮੇਤ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਸਾਲਾਨਾ ਚੋਣ ਲਈ ਤਿੰਨ ਨਵੰਬਰ ਨੂੰ ਸ਼੍ਰੋਮਣੀ ਕਮੇਟੀ ਕੰਪਲੈਕਸ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਹੋਵੇਗਾ। ਭਾਵੇਂ ਜਨਰਲ ਇਜਲਾਸ ਵਾਸਤੇ ਸਿਰਫ ਇੱਕ ਦਿਨ ਹੀ ਰਹਿ ਗਿਆ ਹੈ ਪਰ ਹਾਲੇ ਤੱਕ ਹਾਕਮ ਧਿਰ ਅਤੇ ਵਿਰੋਧੀ ਧਿਰਾਂ ਵੱਲੋਂ ਇਸ ਸਬੰਧੀ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਲਕੇ ਦੋ ਨਵੰਬਰ ਨੂੰ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਥੇਬੰਦੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਵੇਗੀ। ਬਾਦਲ ਧਿਰ ਵਿੱਚ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਮੁੜ ਜਥੇਬੰਦੀ ਦੇ ਉਮੀਦਵਾਰ ਹੋ ਸਕਦੇ ਹਨ। ਇਸੇ ਤਰ੍ਹਾਂ ਜਥੇਬੰਦੀ ਪੁਨਰ ਸੁਰਜੀਤ ਤੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਮਾਮਲੇ ਨੂੰ ਵਿਚਾਰਨ ਵਾਸਤੇ ਭਲਕੇ 2 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਵਰਕਿੰਗ ਕਮੇਟੀ ਮੈਂਬਰਾਂ ਅਤੇ ਜਥੇਬੰਦੀ ਨਾਲ ਸਬੰਧਤ ਸ਼੍ਰੋਮਣਈ ਕਮੇਟੀ ਮੈਂਬਰਾਂ ਦੀਆਂ ਦੋ ਵੱਖ-ਵੱਖ ਮੀਟਿੰਗਾਂ ਸੱਦੀਆਂ ਗਈਆਂ ਹਨ।
