ਸ਼ੈਫਾਲੀ ਜਰੀਵਾਲਾ: ਵਰੁਣ ਧਵਨ ਵੱਲੋਂ ਮੀਡੀਆ ਦੀ ਆਲੋਚਨਾ
ਨਵੀਂ ਦਿੱਲੀ, 29 ਜੂਨ
ਫਿਲਮ ਅਦਾਕਾਰ ਵਰੁਣ ਧਵਨ ਨੇ ਸ਼ੈਫਾਲੀ ਜਰੀਵਾਲਾ ਦੀ ਮੌਤ ਤੋਂ ਬਾਅਦ ਮੀਡੀਆ ਵੱਲੋਂ ਕੀਤੀ ਜਾ ਰਹੀ ਸੰਵੇਦਨਹੀਣ ਕਵਰੇਜ ਦੀ ਨਿੰਦਾ ਕੀਤੀ ਹੈ। ਧਵਨ ਨੇ ਅੱਜ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇੱਕ ਨੋਟ ਲਿਖ ਕੇ ‘ਕਿਸੇ ਦੇ ਦੁੱਖ’ ਨੂੰ ਕਵਰ ਕਰਨ ਦੀ ਲੋੜ ’ਤੇ ਸਵਾਲ ਚੁੱਕਿਆ। 38 ਸਾਲਾ ਅਦਾਕਾਰ ਨੇ ਪੋਸਟ ਵਿੱਚ ਕਿਸੇ ਦਾ ਨਾਮ ਨਹੀਂ ਲਿਆ। ਉਸ ਨੇ ਲਿਖਿਆ, ‘ਇੱਕ ਵਾਰ ਫਿਰ ਕਿਸੇ ਦੇ ਗੁਜ਼ਰ ਜਾਣ ਨੂੰ ਮੀਡੀਆ ਵੱਲੋਂ ਸੰਵੇਦਨਹੀਣ ਢੰਗ ਨਾਲ ਕਵਰ ਕੀਤਾ ਜਾ ਰਿਹਾ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਕਿਸੇ ਦੇ ਦੁੱਖ ਨੂੰ ਕਿਉਂ ਕਵਰ ਕਰਨਾ ਪੈਂਦਾ ਹੈ, ਹਰ ਕੋਈ ਇਸ ਨਾਲ ਬਹੁਤ ਅਸਹਿਜ ਮਹਿਸੂਸ ਕਰਦਾ ਹੈ। ਇਸ ਨਾਲ ਕਿਸੇ ਨੂੰ ਕੀ ਫਾਇਦਾ ਹੋ ਰਿਹਾ ਹੈ... ਮੀਡੀਆ ਵਿਚਲੇ ਮੇਰੇ ਦੋਸਤਾਂ ਨੂੰ ਮੇਰੀ ਬੇਨਤੀ ਹੈ ਕਿ ਇਹ ਉਹ ਤਰੀਕਾ ਨਹੀਂ ਹੈ ਜਿਸ ਨਾਲ ਕੋਈ ਆਪਣੀ ਆਖਰੀ ਯਾਤਰਾ ਨੂੰ ਕਵਰ ਕਰਵਾਉਣਾ ਚਾਹੇਗਾ।’ ਉਸ ਦੀ ਪੋਸਟ ਜਰੀਵਾਲਾ ਦੀ ਮੌਤ ਦੀ ਖ਼ਬਰ ਤੋਂ ਇੱਕ ਦਿਨ ਬਾਅਦ ਆਈ ਹੈ। ਜਰੀਵਾਲਾ ਨੂੰ ਲੰਘੀ ਰਾਤ ਉਸ ਦੇ ਪਤੀ ਪਰਾਗ ਤਿਆਗੀ ਵੱਲੋਂ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਉਹ 42 ਸਾਲ ਦੀ ਸੀ। -ਪੀਟੀਆਈ