DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਹੁਲ ਤੇ ਬਿੱਟੂ ਵਿਚਾਲੇ ਤਿੱਖੀ ਨੋਕ-ਝੋਕ

ਰਾਹੁਲ ਨੇ ਕਿਹਾ,‘ਮੇਰੇ ਗੱਦਾਰ ਦੋਸਤ, ਤੂੰ ਵਾਪਸ ਆਏਂਗਾ’

  • fb
  • twitter
  • whatsapp
  • whatsapp
featured-img featured-img
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੰਸਦ ਦੇ ਬਾਹਰ ਮਿਹਣੋ-ਮਿਹਣੀ ਹੁੰਦੇ ਹੋਏ। -ਫੋਟੋ: ਪੀਟੀਆਈ
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਰਮਿਆਨ ਅੱਜ ਸੰਸਦ ਦੇ ਬਾਹਰ ਤਿੱਖੀ ਬਹਿਸ ਦੇਖਣ ਨੂੰ ਮਿਲੀ। ਰਾਹੁਲ ਨੇ ਬਿੱਟੂ ਨੂੰ ‘ਗੱਦਾਰ ਦੋਸਤ’ ਕਿਹਾ ਤਾਂ ਬਿੱਟੂ ਨੇ ਵੀ ਕਾਂਗਰਸੀ ਆਗੂ ਨੂੰ ‘ਦੇਸ਼ ਦੇ ਦੁਸ਼ਮਣ’ ਕਹਿ ਕੇ ਹੱਥ ਮਿਲਾਉਣ ਤੋਂ ਨਾਂਹ ਕਰ ਦਿੱਤੀ। ਇਹ ਪੂਰਾ ਵਾਕਿਆ ਸੰਸਦ ਦੇ ਮਕਰ ਦੁਆਰ ਦੇ ਬਿਲਕੁਲ ਬਾਹਰ ਵਾਪਰਿਆ ਜੋ ਸੰਸਦ ਮੈਂਬਰਾਂ ਲਈ ਨਵੀਂ ਸੰਸਦੀ ਇਮਾਰਤ ਵਿਚ ਦਾਖ਼ਲੇ ਲਈ ਮੁੱਖ ਦੁਆਰ ਹੈ।

ਗਾਂਧੀ ਮਕਰ ਦੁਆਰ ਦੇ ਬਾਹਰ ਮੁਅੱਤਲ ਕਾਂਗਰਸੀ ਸੰਸਦ ਮੈਂਬਰਾਂ ਨਾਲ ਇਕਜੁੱਟਤਾ ਦਿਖਾਉਣ ਲਈ ਖੜ੍ਹੇ ਸਨ। ਇਨ੍ਹਾਂ ਵਿਚ ਬਹੁਗਿਣਤੀ ਪੰਜਾਬ ਨਾਲ ਸਬੰਧਤ ਸਨ। ਗਾਂਧੀ ਜਿਉਂ ਹੀ ਬੋਲਣ ਲੱਗੇ ਤਾਂ ਉਥੋਂ ਲੰਘ ਰਹੇ ਰਵਨੀਤ ਬਿੱਟੂ ਨੇ ਤਨਜ਼ ਕੱਸਿਆ ਕਿ ‘ਮੁਅੱਤਲ ਕਾਂਗਰਸੀ ਮੈਂਬਰ ਇਥੇ ਇੰਝ ਬੈਠੇ ਹਨ ਜਿਵੇਂ ਉਨ੍ਹਾਂ ਨੇ ਜੰਗ ਜਿੱਤ ਲਈ ਹੋਵੇ।’ ਇਸ ’ਤੇ ਗਾਂਧੀ ਨੇ ਪਲਟਵਾਰ ਕਰਦੇ ਹੋਏ ਕਿਹਾ, ‘‘ਗੱਲ ਇਹ ਹੈ ਕਿ ਇੱਥੇ ਇੱਕ ਗੱਦਾਰ ਤੁਰਿਆ ਆ ਰਿਹਾ ਹੈ। ਉਹਦੇ ਚਿਹਰੇ ਵੱਲ ਨਜ਼ਰ ਮਾਰੋ। ਉਹ ਕਿਵੇਂ ਦਿਸਦਾ ਹੈ।’’ ਗਾਂਧੀ ਨੇ ਫਿਰ ਦੁਆ ਸਲਾਮ ਲਈ ਆਪਣਾ ਹੱਥ ਬਿੱਟੂ ਵੱਲ ਵਧਾਇਆ ਤੇ ਕਿਹਾ, ‘‘ਹੈਲੋ ਬ੍ਰਦਰ, ਮੇਰੇ ਗੱਦਾਰ ਦੋਸਤ। ਘਬਰਾ ਨਾ, ਤੂੰ ਵੀ ਵਾਪਸ ਆਏਂਗਾ।’’

Advertisement

ਕੇਂਦਰੀ ਮੰਤਰੀ ਨੇ ਰਾਹੁਲ ਗਾਂਧੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਬਿੱਟੂ ਨੇ ਰਾਹੁਲ ਅਤੇ ਹੋਰਨਾਂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੂੰ ‘ਦੇਸ਼ ਦੇ ਦੁਸ਼ਮਣ’ ਦੱਸਿਆ। ਬਿੱਟੂ ਮਕਰ ਦੁਆਰ ਦੀਆਂ ਪੌੜੀਆਂ ਤੋਂ ਲੰਘਣ ਮੌਕੇ ਵੀ ਕਾਂਗਰਸੀ ਆਗੂਆਂ ਅਤੇ ਮੁਅੱਤਲ ਕੀਤੇ ਸੰਸਦ ਮੈਂਬਰਾਂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੂੰ ‘ਦੇਸ਼ ਦੇ ਦੁਸ਼ਮਣ’ ਦੱਸਦੇ ਰਹੇ। ਬਿੱਟੂ ਪੰਜਾਬ ਦੇ ਸਾਬਕਾ ਅਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੈ। ਉਹ ਲੁਧਿਆਣਾ ਤੇ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਵੀ ਰਹੇ। ਉਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ।

Advertisement

ਭਾਜਪਾ ਦੇ ਨਿਸ਼ਾਨੇ ’ਤੇ ਆਏ ਰਾਹੁਲ

ਨਵੀਂ ਦਿੱਲੀ: ਰਾਹੁਲ ਗਾਂਧੀ ਵੱਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ‘ਗੱਦਾਰ’ ਕਹਿਣ ’ਤੇ ਦਿੱਲੀ ਵਿਚ ਸਿਆਸਤ ਭਖ ਗਈ ਹੈ। ਭਾਜਪਾ ਨੇ ਦਾਅਵਾ ਕੀਤਾ ਕਿ ਰਾਹੁਲ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਪੂਰਾ ਸਿੱਖ ਭਾਈਚਾਰਾ ਦੁਖੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਗਾਂਧੀ ਨੇ ਕੇਂਦਰੀ ਮੰਤਰੀ ਨੂੰ ਸਿਰਫ਼ ਇਸ ਲਈ ‘ਗੱਦਾਰ’ ਕਿਹਾ ਕਿਉਂਕਿ ਬਿੱਟੂ ਨੇ ਕਾਂਗਰਸ ਪਾਰਟੀ ਛੱਡੀ ਸੀ। ਕਾਂਗਰਸ ਆਗੂ ਸ਼ਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਦਿੱਲੀ ਸਰਕਾਰ ’ਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ‘ਅਸਲ ਗੱਦਾਰ’ ਗਾਂਧੀ ਪਰਿਵਾਰ ਹੈ ਜਿਨ੍ਹਾਂ ਟੈਂਕਾਂ ਤੇ ਬੰਦੂਕਾਂ ਨਾਲ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਤੇ ਗਲਾਂ ’ਚ ਟਾਇਰ ਪਾ ਕੇ ਸਿੱਖਾਂ ਨੂੰ ਜਿਊਂਦੇ ਸਾੜ ਦਿੱਤਾ। ਉਧਰ, ਬਿੱਟੂ ਨੇ ਵੀਡੀਓ ਬਿਆਨ ਵਿਚ ਕਿਹਾ, ‘‘ਮੈਂ ਸ਼ਹੀਦ ਦਾ ਪੋਤਰਾ ਹਾਂ ਤੇ ਜਦੋਂ ਤੱਕ ਮੈਂ ਕਾਂਗਰਸ ਵਿੱਚ ਸੀ, ਸਭ ਕੁਝ ਠੀਕ ਸੀ, ਪਰ ਹੁਣ ਜਦੋਂ ਮੈਂ ਭਾਜਪਾ ਨਾਲ ਹਾਂ ਤਾਂ ਉਹ ਮੈਨੂੰ ਅਜਿਹੇ ਨਾਮ ਦੇ ਰਹੇ ਹਨ। ਉਹ ਖ਼ੁਦ ਨੂੰ ਕੀ ਸਮਝਦੇ ਹਨ। ਉਹ ਖ਼ੁਦ ਨੂੰ ਸ਼ਹਿਨਸ਼ਾਹ ਸਮਝਦੇ ਹਨ ਤੇ ਜਿਵੇਂ ਇਹ ਮੁਲਕ ਉਨ੍ਹਾਂ ਦਾ ਹੈ।’’ ਇਸ ਦੌਰਾਨ ਭਾਜਪਾ ਨੇ ਰਾਹੁਲ ਦੀਆਂ ਟਿੱਪਣੀਆਂ ਖਿਲਾਫ਼ ਦਿੱਲੀ ’ਚ ਕਾਂਗਰਸ ਦਫ਼ਤਰ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ।

ਗੱਦਾਰ ਹਮੇਸ਼ਾ ਗੱਦਾਰ ਰਹਿੰਦਾ ਹੈ: ਰਾਜਾ ਵੜਿੰਗ

ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਰਮਿਆਨ ਹੋਈ ਟੀਕਾ-ਟਿੱਪਣੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫੇਸਬੁੱਕ ਪੋਸਟ ਵਿਚ ਲਿਖ਼ਿਆ ਕਿ ‘ਗੱਦਾਰ ਹਮੇਸ਼ਾ ਗੱਦਾਰ ਰਹਿੰਦਾ ਹੈ। ਰਵਨੀਤ ਬਿੱਟੂ ਨੇ ਉਸ ਕਾਂਗਰਸ ਨੂੰ ਧੋਖਾ ਦਿੱਤਾ ਜਿਸ ਪਾਰਟੀ ਨੇ ਉਸ ਨੂੰ ਇੱਜ਼ਤ ਦਿੱਤੀ, ਅਹੁਦੇ ਦਿੱਤੇ... ਰਾਹੁਲ ਗਾਂਧੀ ਨੇ ਉਸ ਨੂੰ ਤਿੰਨ ਵਾਰ ਸੰਸਦ ਮੈਂਬਰ ਬਣਨ ਦਾ ਮੌਕਾ ਦਿੱਤਾ ਤੇ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ! ਇਹ ਰਾਹੁਲ ਗਾਂਧੀ ਹੀ ਸੀ ਜਿਨ੍ਹਾਂ ਨੇ ਬਿੱਟੂ ਨੂੰ ਪੱਗ ਬੰਨ੍ਹਣ ਲਈ ਪ੍ਰੇਰਿਆ।’ ਵੜਿੰਗ ਨੇ ਪੋਸਟ ਵਿਚ ਜਨਤਕ ਸਮਾਗਮ ਦੀ ਪੁਰਾਣੀ ਵੀਡੀਓ ਵੀ ਅਪਲੋਡ ਕੀਤੀ ਜਿਸ ਵਿੱਚ ਬਿੱਟੂ ਕਹਿ ਰਹੇ ਹਨ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਪੱਗ ਬੰਨ੍ਹਣ ਲਈ ਪ੍ਰੇਰਿਆ।

Advertisement
×