ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਸੰਨ 2019 ਵਿੱਚ ਭੜਕਾਊ ਭਾਸ਼ਣ ਦੇਣ ਅਤੇ ਹਿੰਸਾ ਲਈ ਭੜਕਾਉਣ ਦੇ ਦੋਸ਼ ਹੇਠ ਨਾਮਜ਼ਦ ਜੇਐੱਨਯੂ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਸ਼ਰਜੀਲ ਦਾ ਭਾਸ਼ਣ ਫਿਰਕਾਪ੍ਰਸਤੀ ਨਾਲ ਸਬੰਧਤ ਸੀ ਜਿਸ ਨਾਲ ਅਮਨ-ਸ਼ਾਂਤੀ ਨੂੰ ਢਾਹ ਲੱਗੀ। ਪੁਲੀਸ ਮੁਤਾਬਕ ਇਮਾਮ ਨੇ 13 ਦਸੰਬਰ 2019 ਨੂੰ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦਿੱਤਾ ਜਿਸ ਦੇ ਸਿੱਟੇ ਵਜੋਂ ਦੋ ਦਿਨ ਬਾਅਦ ਦੰਗੇ ਹੋਏ। ਜ਼ਮਾਨਤ ਤੋਂ ਇਨਕਾਰ ਕਰਦਿਆਂ ਐਡੀਸ਼ਨਲ ਸੈਸ਼ਨਜ਼ ਜੱਜ ਅਨੁਜ ਅਗਰਵਾਲ ਨੇ ਕਿਹਾ ਕਿ ਭਾਸ਼ਣ ਦੀਆਂ ਸਤਰਾਂ ਸੁਣ ਕੇ ਸਾਫ਼ ਪਤਾ ਲੱਗਦਾ ਹੈ ਕਿ ਇਹ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਦੀਆਂ ਹਨ। -ਪੀਟੀਆਈ