ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਦੇਸ਼ ਲਈ ਪ੍ਰੇਰਨਾ ਸਰੋਤ: Bhagwant MANN
ਸੁਨਾਮ ਵਿੱਚ ਰਾਜ ਪੱਧਰੀ ਸਮਾਗਮ ’ਚ ਸ਼ਿਰਕਤ ਕੀਤੀ; 107 ਕਰੋਡ਼ ਦੇ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ
ਮਹਾਨ ਇਨਕਲਾਬੀ ਸ਼ਹੀਦ ਊਧਮ ਸਿੰਘ ਦੀ ਲਾਮਿਸਾਲ ਦੇਸ਼ ਭਗਤੀ, ਨਿਡਰਤਾ ਅਤੇ ਅਦੁੱਤੀ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਨਾ ਸਰੋਤ ਬਣੀ ਰਹੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਗੱਲ ਅੱਜ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦੇ 87ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਦੇਸ਼ ਇਸ ਮਹਾਨ ਸ਼ਹੀਦ ਦਾ ਕਰਜ਼ਾ ਕਦੇ ਵੀ ਨਹੀਂ ਉਤਾਰ ਸਕਦਾ ਅਤੇ ਹਰ ਨਾਗਰਿਕ ਦਾ ਫ਼ਰਜ਼ ਹੈ ਕਿ ਉਹ ਉਨ੍ਹਾਂ ਦੇ ਦਰਸਾਏ ਰਾਹ ’ਤੇ ਚੱਲਦਿਆਂ ਦੇਸ਼ ਅਤੇ ਸਮਾਜ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕਰੇ। ਉਨ੍ਹਾਂ ਸੰਤ ਅਤਰ ਸਿੰਘ ਮਹਾਰਾਜ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਟਰੌਮਾ ਸੈਂਟਰ, ਦਵਾਈਆਂ ਦਾ ਵੇਅਰਹਾਊਸ ਅਤੇ ਆਧੁਨਿਕ ਬਲੱਡ ਬੈਂਕ ਸਮੇਤ 107.78 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਅਤੇ ਭਾਰਤ ਬਣਾਉਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕੋਸ਼ਿਸ਼ਾਂ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਥਾਨਕ ਸਟੇਡੀਅਮ ’ਚ ਸ਼ਹੀਦ ਊਧਮ ਸਿੰਘ ਯਾਦਗਾਰ ’ਤੇ ਫੁੱਲਮਾਲਾ ਭੇਟ ਕੀਤੀ ਅਤੇ ਮਹਾਨ ਸ਼ਹੀਦ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ। ਵੱਡੀ ਗਿਣਤੀ ਲੋਕਾਂ, ਪਾਰਟੀ ਵਰਕਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸ਼ਹੀਦ ਨੂੰ ਨਮਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਰਵੋਤਮ ਬਲੀਦਾਨ ਦਿੱਤਾ ਅਤੇ ਉਨ੍ਹਾਂ ਦੀ ਕੁਰਬਾਨੀ ਭਾਰਤੀ ਇਤਿਹਾਸ ਦੇ ਸੁਨਹਿਰੀ ਅਧਿਆਇ ਵਿੱਚ ਹਮੇਸ਼ਾ ਦਰਜ ਰਹੇਗੀ।
ਮੁੱਖ ਮੰਤਰੀ ਨੇ ਇਸ ਮੌਕੇ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਤਤਕਾਲੀ ਬ੍ਰਿਟਿਸ਼ ਹਕੂਮਤ ਵੱਲੋਂ ਨਿਹੱਥੇ ਅਤੇ ਨਿਰਦੋਸ਼ ਭਾਰਤੀਆਂ ’ਤੇ ਕੀਤੇ ਗਏ ਜ਼ੁਲਮਾਂ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿੱਚ ਮਾਈਕਲ ਓ’ਡਵਾਇਰ ਨੂੰ ਉਸ ਦੇ ਅੰਜਾਮ ਤੱਕ ਪਹੁੰਚਾ ਕੇ ਲਿਆ ਸੀ। ਇਸ ਤੋਂ ਪਹਿਲਾਂ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਨਾਮ ਪੁੱਜਣ ਉੱਤੇ ਸਵਾਗਤ ਕੀਤਾ ਅਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਸੁਨਾਮ ਨੂੰ ਨਮੂਨੇ ਦੇ ਸ਼ਹਿਰ ਵਜੋਂ ਵਿਕਸਿਤ ਕਰ ਰਹੀ ਹੈ। ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਨੌਜਵਾਨਾਂ ਨੂੰ ਸ਼ਹੀਦ ਊਧਮ ਸਿੰਘ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

