ਕੇਂਦਰੀ ਤੇ ਉੱਤਰ-ਪੱਛਮੀ ਭਾਰਤ ’ਚ ਪਵੇਗੀ ਕੜਾਕੇ ਦੀ ਠੰਢ
ਵਿਭਾਗ ਮੁਤਾਬਕ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਸੀਤ ਲਹਿਰ ਦਾ ਅਸਰ ਆਮ ਦਿਨਾਂ ਦੇ ਮੁਕਾਬਲੇ ਚਾਰ ਤੋਂ ਪੰਜ ਦਿਨ ਵੱਧ ਰਹਿ ਸਕਦਾ ਹੈ। ਆਮ ਤੌਰ ’ਤੇ ਦਸੰਬਰ ਤੋਂ ਫਰਵਰੀ ਦਰਮਿਆਨ ਇਨ੍ਹਾਂ ਖੇਤਰਾਂ ਵਿੱਚ ਚਾਰ ਤੋਂ ਛੇ ਦਿਨ ਸੀਤ ਲਹਿਰ ਚੱਲਦੀ ਹੈ।
ਮਹਾਪਾਤਰਾ ਨੇ ਦੱਸਿਆ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵੀ ਆਮ ਨਾਲੋਂ ਘੱਟ ਰਹਿਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਇਸ ਸੀਜ਼ਨ ਵਿੱਚ ਠੰਢ ਦਾ ਪਹਿਲਾ ਦੌਰ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ। 8 ਤੋਂ 18 ਨਵੰਬਰ ਦਰਮਿਆਨ ਪੱਛਮੀ, ਕੇਂਦਰੀ ਅਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਖਾਸਕਰ ਰਾਜਸਥਾਨ, ਦੱਖਣੀ ਹਰਿਆਣਾ, ਉੱਤਰੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਠੰਢ ਮਹਿਸੂਸ ਹੋਈ। ਹੁਣ 3 ਤੋਂ 5 ਦਸੰਬਰ ਤੱਕ ਉੱਤਰ-ਪੱਛਮੀ ਅਤੇ ਕੇਂਦਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਸੀਤ ਲਹਿਰ ਚੱਲ ਸਕਦੀ ਹੈ।
ਫ਼ਰੀਦਕੋਟ ਤੇ ਬਠਿੰਡਾ ਸਭ ਤੋਂ ਠੰਢੇ
ਚੰਡੀਗੜ੍ਹ(ਆਤਿਸ਼ ਗੁਪਤਾ): ਪੰਜਾਬ ਸਮੇਤ ਉੱਤਰ ਭਾਰਤ ਵਿੱਚ ਦਸੰਬਰ ਮਹੀਨੇ ਦੇ ਚੜ੍ਹਨ ਦੇ ਨਾਲ ਹੀ ਠੰਢ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਧੁੰਦ ਵੀ ਪੈਣੀ ਸ਼ੁਰੂ ਹੋ ਗਈ। ਪੰਜਾਬ ਦੇ ਫਰੀਦਕੋਟ ਤੇ ਬਠਿੰਡਾ ਸ਼ਹਿਰ ਅੱਜ ਸਭ ਤੋਂ ਠੰਢੇ ਰਹੇ, ਜਿੱਥੇ ਘੱਟ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 3 ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਚਾਰ ਦਿਨ ਹੋਰ ਠੰਢ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ 2 ਤੋਂ 5 ਦਸੰਬਰ ਤੱਕ ਸੂਬੇ ਵਿੱਚ ‘ਯੈਲੋ’ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਵਿੱਚ ਸਵੇਰੇ ਤੇ ਰਾਤ ਸਮੇਂ ਠੰਢ ਹੋਰ ਜ਼ੋਰ ਫੜ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਰਿਹਾ। ਅੰਮ੍ਰਿਤਸਰ ਵਿੱਚ 7.6 ਡਿਗਰੀ, ਲੁਧਿਆਣਾ ਵਿੱਚ 6.8, ਪਟਿਆਲਾ ਵਿੱਚ 5.9, ਪਠਾਨਕੋਟ ਵਿੱਚ 8.9, ਗੁਰਦਾਸਪੁਰ ਵਿੱਚ 7, ਫਿਰੋਜ਼ਪੁਰ ਵਿੱਚ 7.3, ਹੁਸ਼ਿਆਰਪੁਰ ਵਿੱਚ 6.7, ਮਾਨਸਾ ਵਿੱਚ 6.7, ਮੁਹਾਲੀ ਵਿੱਚ 9.2 ਅਤੇ ਰੋਪੜ ਵਿੱਚ 6.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
