ਆਟੋ ਰਿਕਸ਼ਾ ’ਤੇ ਟਰੱਕ ਪਲਟਣ ਕਾਰਨ ਚਾਰ ਬੱਚਿਆਂ ਸਣੇ ਸੱਤ ਹਲਾਕ
ਰੀਵਾ (ਮੱਧ ਪ੍ਰਦੇਸ਼), 5 ਜੂਨ
ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿੱਚ ਅੱਜ ਆਟੋ ਰਿਕਸ਼ਾ ’ਤੇ ਟਰੱਕ ਪਲਟਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਪਗ 70 ਕਿਲੋਮੀਟਰ ਦੂਰ ਕੌਮੀ ਰਾਜਮਾਰਗ-30 ’ਤੇ ਦੁਪਹਿਰ 2.30 ਵਜੇ ਦੇ ਕਰੀਬ ਵਾਪਰਿਆ। ਪੀੜਤ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਪਵਿੱਤਰ ਗੰਗਾ ਵਿੱਚ ਇਸ਼ਨਾਨ ਕਰਨ ਮਗਰੋਂ ਵਾਪਸ ਜਾ ਰਹੇ ਸਨ। ਮ੍ਰਿਤਕਾਂ ਵਿੱਚ ਚਾਰ ਬੱਚੇ, ਦੋ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਪੁਲੀਸ ਨੇ ਦੱਸਿਆ ਕਿ ਐੱਨਐੱਚ-30 ਤੋਂ ਲੰਘ ਰਿਹਾ ਟਰੱਕ ਸੰਤੁਲਨ ਗੁਆਚਣ ਕਾਰਨ ਆਟੋ ਰਿਕਸ਼ਾ ’ਤੇ ਪਲਟ ਗਿਆ, ਜਿਸ ਕਾਰਨ ਚਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਨੇ ਬਾਅਦ ਵਿੱਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਆਟੋ ਰਿਕਸ਼ਾ ਵਿੱਚ ਸਵਾਰ ਯਾਤਰੀ ਪ੍ਰਯਾਗਰਾਜ ਵਿੱਚ ਗੰਗਾ ’ਚ ਇਸ਼ਨਾਨ ਕਰਨ ਤੋਂ ਬਾਅਦ ਰੀਵਾ ਦੀ ਸਰਹੱਦ ’ਤੇ ਮੌਗੰਜ ਜ਼ਿਲ੍ਹੇ ਦੇ ਨਾਇਗੜ੍ਹੀ ਵਾਪਸ ਆ ਰਹੇ ਸਨ। ਟਰੱਕ ਪ੍ਰਯਾਗਰਾਜ ਤੋਂ ਰੀਵਾ ਜਾ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਰਾਮਜੀਤ ਜੈਸਵਾਲ (38), ਪਿੰਕੀ (35), ਹੀਰਾਲਾਲ ਜੈਸਵਾਲ (65), ਪ੍ਰਵੀਨ (12), ਅੰਬਿਕਾ (8), ਮਾਨਸੀ (7) ਅਤੇ ਅਰਵਿੰਦ (6) ਵਜੋਂ ਹੋਈ ਹੈ। -ਪੀਟੀਆਈ