ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਸੰਨ੍ਹ
ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਅੱਜ ਦੁਪਹਿਰ ਉਸ ਵੇਲੇ ਵੱਡੀ ਸੰਨ੍ਹ ਲੱਗੀ ਜਦੋਂ ਨਕਾਬਪੋਸ਼ ਸ਼ਖ਼ਸ ਆਪਣੀ ਐੱਸ ਯੂ ਵੀ ਗੱਡੀ ਸਮੇਤ ਜ਼ਬਰਦਸਤੀ ਅੰਦਰ ਦਾਖ਼ਲ ਹੋ ਗਿਆ। ਇਸ ਘਟਨਾ ਮਗਰੋਂ ਪੁਲੀਸ ਤੇ ਸੁਰੱਖਿਆ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲੀਸ...
ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਅੱਜ ਦੁਪਹਿਰ ਉਸ ਵੇਲੇ ਵੱਡੀ ਸੰਨ੍ਹ ਲੱਗੀ ਜਦੋਂ ਨਕਾਬਪੋਸ਼ ਸ਼ਖ਼ਸ ਆਪਣੀ ਐੱਸ ਯੂ ਵੀ ਗੱਡੀ ਸਮੇਤ ਜ਼ਬਰਦਸਤੀ ਅੰਦਰ ਦਾਖ਼ਲ ਹੋ ਗਿਆ। ਇਸ ਘਟਨਾ ਮਗਰੋਂ ਪੁਲੀਸ ਤੇ ਸੁਰੱਖਿਆ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਉੱਤਰੀ ਦਿੱਲੀ ਤੋਂ ਡਰਾਈਵਰ ਸਮੇਤ ਤਿੰਨ ਜਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਹੈ।
ਅਧਿਕਾਰੀਆਂ ਅਨੁਸਾਰ ਬਾਅਦ ਦੁਪਹਿਰ ਕਰੀਬ 2 ਵਜੇ ਉੱਤਰ ਪ੍ਰਦੇਸ਼ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਐੱਸ ਯੂ ਵੀ ਗੱਡੀ ਗੇਟ ਨੰਬਰ 2 ਤੋੜ ਕੇ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਵੜ ਗਈ। ਸਦਨ ਦਾ ਸੈਸ਼ਨ ਨਾ ਹੋਣ ਕਾਰਨ ਇਸ ਗੇਟ ’ਤੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਘੱਟ ਸੀ। ਵਿਧਾਨ ਸਭਾ ਦੇ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਗੱਡੀ ਨੂੰ ਸਿੱਧਾ ਸਪੀਕਰ ਵਿਜੇਂਦਰ ਗੁਪਤਾ ਦੇ ਦਫ਼ਤਰ ਵੱਲ ਲੈ ਗਿਆ। ਉੱਥੇ ਪਹੁੰਚ ਕੇ ਉਸ ਨੇ ਦਫ਼ਤਰ ਦੇ ਬਾਹਰ ਫੁੱਲਾਂ ਦਾ ਗੁਲਦਸਤਾ ਰੱਖਿਆ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਭਜਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਰਿਪੋਰਟਾਂ ਅਨੁਸਾਰ ਇਸ ਘਟਨਾ ਦੌਰਾਨ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੀ ਕਾਰ ’ਤੇ ਕਥਿਤ ਤੌਰ ’ਤੇ ਸਿਆਹੀ ਵੀ
ਸੁੱਟੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵਿਸ਼ੇਸ਼ ਪੁਲੀਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਰਵਿੰਦਰ ਯਾਦਵ ਮੌਕੇ ’ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਕਿਸੇ ਵੀ ਖ਼ਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਬੰਬ ਰੋਕੂ ਦਸਤੇ ਅਤੇ ਡੌਗ ਸਕੁਐਡ ਰਾਹੀਂ ਇਲਾਕੇ ਦੀ ਤਲਾਸ਼ੀ ਲਈ ਗਈ। ਪੁਲੀਸ ਵੱਲੋਂ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਘੋਖੀ ਜਾ ਰਹੀ ਹੈ। ਗ਼ੌਰਤਲਬ ਹੈ ਕਿ ਬੀਤੇ ਦਿਨੀਂ ਬਜਟ ਸੈਸ਼ਨ ਦੌਰਾਨ ਵੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ।

