ਤਿਰੂਪਤੀ: ਇੱਕ ਅਣਪਛਾਤੇ ਸ਼ਰਧਾਲੂ ਵੱਲੋਂ ਇੱਥੋਂ ਨੇੜੇ ਤਿਰੂਮਲਾ ਪਹਾੜੀਆਂ ’ਚ ਭਗਵਾਨ ਵੈਂਕਟੇਸ਼ਵਰ ਦੇ ਪੁਰਾਤਨ ਮੰਦਰ ’ਚ ਸੋਨੇ ਦੀਆਂ 20 ਇੱਟਾਂ ਗੁਪਤ ਦਾਨ ਕੀਤੀਆਂ ਗਈਆਂ। ਤਿਰੂਮਲਾ ਤਿਰੁੂਪਤੀ ਦੇਵਸਥਾਨਮ (ਟੀ.ਟੀ.ਡੀ.) ਦੇ ਕਾਰਜਕਾਰੀ ਅਧਿਕਾਰੀ ਅਨਿਲ ਕੁਮਾਰ ਸਿੰਘਲ ਨੇ ਅੱਜ ਦੱਸਿਆ ਕਿ ਸੋਨੇ ਦੀਆਂ 20 ਇੱਟਾਂ, ਜਿਨ੍ਹਾਂ ਦਾ ਵਜ਼ਨ 2 ਕਿੱਲੋ ਬਣਦਾ ਹੈ, ‘ਹੁੰਡੀ’ (ਚੜ੍ਹਾਵਾ ਪੇਟੀ) ਵਿੱਚੋਂ ਸ਼ਨਿਚਰਵਾਰ ਨੂੰ ਮਿਲੀਆਂ ਜਦੋਂ ਦਿਨ ਭਰ ਦੇ ਚੜ੍ਹਾਵੇ ਦੀ ਗਿਣਤੀ ਕੀਤੀ ਜਾ ਰਹੀ ਸੀ। ਸਿੰਘਲ ਮੁਤਾਬਕ ਕਰੋਨਾ ਲਾਗ ਕਾਰਨ ਤਾਲਾਬੰਦੀ ਮਗਰੋਂ 11 ਜੂਨ ਮੰਦਰ ਦੁਬਾਰਾ ਖੋਲ੍ਹੇ ਜਾਣ ’ਤੇ ਇੱਕ ਮਹੀਨੇ ਦੌਰਾਨ ਇੱਥੇ 16.7 ਕਰੋੜ ਰੁਪਏ ਚੜ੍ਹਾਵਾ ਚੜ੍ਹਿਆ ਹੈ। -ਪੀਟੀਆਈ