ਜੰਗੀ ਸਾਜ਼ੋ-ਸਾਮਾਨ ਦੇ ਖ਼ਰੀਦ ਸੌਦਿਆਂ ’ਤੇ ਮੋਹਰ

ਜੰਗੀ ਸਾਜ਼ੋ-ਸਾਮਾਨ ਦੇ ਖ਼ਰੀਦ ਸੌਦਿਆਂ ’ਤੇ ਮੋਹਰ

ਨਵੀਂ ਦਿੱਲੀ, 2 ਜੁਲਾਈ

ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਜਾਰੀ ਤਲਖੀ ਦਰਮਿਆਨ ਰੱਖਿਆ ਮੰਤਰਾਲੇ ਨੇ ਅੱਜ 38,900 ਕਰੋੜ ਰੁਪਏ ਮੁੱਲ ਦੇ ਮੂਹਰਲੀ ਕਤਾਰ ਦੇ ਜੰਗੀ ਜਹਾਜ਼ਾਂ, ਮਿਜ਼ਾਈਲ ਪ੍ਰਣਾਲੀ ਤੇ ਹੋਰ ਹਥਿਆਰਾਂ ਦੀ ਖਰੀਦ ਦੇ ਸੌਦੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਖਰੀਦ ਦਾ ਮੁੱਖ ਨਿਸ਼ਾਨਾ ਹਥਿਆਰਬੰਦ ਬਲਾਂ ਦੀ ਜੰਗੀ ਸਮਰਥਾਵਾਂ ਨੂੰ ਵਧਾਉਣਾ ਹੈ। ਅਧਿਕਾਰੀਆਂ ਨੇ ਕਿਹਾ ਕਿ 21 ਮਿੱਗ-29 ਜੰਗੀ ਜਹਾਜ਼ ਰੂਸ ਤੋਂ ਅਤੇ 12 ਸੂ-30 ਐੱਮਕੇਆਈ ਜਹਾਜ਼ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ ਤੋਂ ਖਰੀਦੇ ਜਾਣਗੇ। ਮੰਤਰਾਲੇ ਨੇ ਮੌਜੂਦਾ 59 ਮਿੱਗ-29 ਜਹਾਜ਼ਾਂ ਨੂੰ ਅਪਗ੍ਰੇਡ ਕਰਨ ਦੀ ਇਕ ਵੱਖਰੀ ਤਜਵੀਜ਼ ਵੀ ਪ੍ਰਵਾਨ ਕਰ ਲਈ ਹੈ। ਉਪਰੋਕਤ ਸਾਰੇ ਫੈਸਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਡਿਫੈਂਸ ਐਕੂਜ਼ੀਸ਼ਨ ਕੌਂਸਲ (ਡੈਕ) ਦੀ ਮੀਟਿੰਗ ’ਚ ਲਏ ਗਏ।

ਮੰਤਰਾਲੇ ਨੇ 248 ‘ਅਸਤਰਾ’ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਖਰੀਦ ਲਈ ਵੀ ਸਹਿਮਤੀ ਦੇ ਦਿੱਤੀ ਹੈ। ਇਹ ਮਿਜ਼ਾਈਲਾਂ ਜੰਗੀ ਮਸ਼ਕਾਂ ’ਚ ਕੰਮ ਅਾਉਂਦੇ ਸੁਪਰਸੌਨਿਕ ਜਹਾਜ਼ਾਂ ਨਾਲ ਮੱਥਾ ਲਾਉਣ ਤੇ ਉਨ੍ਹਾਂ ਨੂੰ ਦਿਨ ਜਾਂ ਰਾਤ ਕਿਸੇ ਵੀ ਮੌਸਮ ਵਿੱਚ ਤਬਾਹ ਕਰਨ ਦੇ ਸਮਰੱਥ ਹਨ। ਇਹੀ ਨਹੀਂ ਡੈਕ ਨੇ ਪਿਨਾਕਾ ਮਿਜ਼ਾਈਲ ਪ੍ਰਣਾਲੀ ਹਾਸਲ ਕਰਨ ਤੇ ਜ਼ਮੀਨ ਤੋਂ ਜ਼ਮੀਨ ਤਕ 1000 ਕਿਲੋਮੀਟਰ ਤਕ ਨਿਸ਼ਾਨਾ ਫੁੰਡਣ ਵਾਲੀਆਂ ਮਿਜ਼ਾਈਲਾਂ ਦੀ ਖਰੀਦ ਦੇ ਫੈਸਲੇ ’ਤੇ ਵੀ ਮੋਹਰ ਲਾ ਦਿੱਤੀ। ਰੱਖਿਆ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ, ‘ਪਿਨਾਕਾ ਮਿਜ਼ਾਈਲ ਪ੍ਰਣਾਲੀ ਦੀ ਉਪਲੱਬਧਤਾ ਨਾਲ ਜਿੱਥੇ ਇਕ ਵਧੀਕ ਰੈਜੀਮੈਂਟ ਖੜ੍ਹੀ ਹੋਵੇਗੀ, ਉਥੇ ਦੇਸ਼ ਦੇ ਅਸਲਾਖਾਨੇ ਵਿੱਚ ਲੰਮੀ ਦੂਰੀ (1000 ਕਿਲੋ ਮੀਟਰ) ਤਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਮੌਜੂਦਗੀ ਨਾਲ ਜਲਸੈਨਾ ਤੇ ਹਵਾਈ ਸੈਨਾਂ ਦੀਆਂ ਜੰਗੀ ਸਮਰਥਾਵਾਂ ਨੂੰ ਮਜ਼ਬੂਤੀ ਮਿਲੇਗੀ।’ ਮੰਤਰਾਲੇ ਨੇ ਇਕ ਪ੍ਰੈਸ ਬਿਆਨ ਵਿੱਚ ‘ਮੌਜੂਦਾ ਹਾਲਾਤ’ ਦੇ ਹਵਾਲੇ ਨਾਲ ਕਿਹਾ ਕਿ ਆਪਣੀਆਂ ਸਰਹੱਦਾਂ ’ਤੇ ਹਥਿਅਾਰਬੰਦ ਬਲਾਂ ਨੂੰ ਵਧੇਰੇ ਮਜ਼ਬੂਤ ਕਰਨ ਲਈ ਡੈਕ ਨੇ ਇਹ ਫੈਸਲੇ ਲਏ ਹਨ। ਅਧਿਕਾਰੀਆਂ ਨੇ ਕਿਹਾ ਕਿ 21 ਮਿੱਗ-19 ਦੀ ਖਰੀਦ ਤੇ ਮਿੱਗ-29 ਦੀ ਮੌਜੂਦਾ ਫਲੀਟ ਨੂੰ ਅਪਗ੍ਰੇਡ ਕਰਨ ’ਤੇ ਸਰਕਾਰ ਨੂੰ ਅੰਦਾਜ਼ਨ 7418 ਕਰੋੜ ਰੁਪੲੇ ਦੀ ਲਾਗਤ ਆਏਗੀ ਜਦੋਂਕਿ ਐੱਚਏਐੱਲ ਤੋਂ 12 ਨਵੇਂ ਸੂ-30 ਐੱਮਕੇਟਾਈ 10,730 ਕਰੋੜ ਰੁਪਏ ਵਿੱਚ ਖਰੀਦ ਜਾਣੇ ਹਨ। ਅਧਿਕਾਰੀਆਂ ਨੇ ਕਿਹਾ ਕਿ ਰੱਖਿਆ ਸੌਦੇ ’ਚੋਂ 31,130 ਕਰੋੜ ਰੁਪਏ ਮੁੱਲ ਦਾ ਸਾਜ਼ੋ ਸਾਮਾਨ ਭਾਰਤੀ ਸਨਅਤ ਤੋਂ ਹਾਸਲ ਕੀਤਾ ਜਾਵੇਗਾ। ਰੱਖਿਆ ਸਾਜ਼ੋ-ਸਾਮਾਨ ਭਾਰਤੀ ਰੱਖਿਆ ਇੰਡਸਟਰੀ ਦੇ ਸਹਿਯੋਗ ਨਾਲ ਕਈ ਐੱਮਐੱਸਐੱਮਈਜ਼ ਦੀ ਸ਼ਮੂਲੀਅਤ ਨਾਲ ਤਿਆਰ ਕੀਤਾ ਜਾਵੇਗਾ। -ਪੀਟੀਆਈ

ਅਸੀਂ ਦੁਸ਼ਮਣ ਨੂੰ ਢੁੱਕਵਾਂ ਜਵਾਬ ਦੇਣ ਦੇ ਸਮਰੱਥ: ਪ੍ਰਸਾਦ

ਕੋਲਕਾਤਾ: ਚੀਨੀ ਐਪਜ਼ ’ਤੇ ਪਾਬੰਦੀ ਨੂੰ ‘ਡਿਜੀਟਲ ਹਮਲਾ’ ਕਰਾਰ ਦਿੰਦਿਆਂ ਕੇਂਦਰੀ ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ ਭਾਰਤ ਅਮਨ ਚਾਹੁੰਦਾ ਹੈ ਪਰ ਜੇਕਰ ਕੋਈ ਬੁਰੀ ਨਜ਼ਰ ਨਾਲ ਦੇਖੇਗਾ ਤਾਂ ਦੇਸ਼ ਉਸ ਨੂੰ ਮੂੰਹ ਤੋੜ ਜਵਾਬ ਦੇਣ ਦੇ ਸਮਰੱਥ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਅਗਵਾਈ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, ‘ਜੇਕਰ ਸਾਡੇ ਦੇਸ਼ ਨੇ 20 ਜਵਾਨ ਗੁਆਏ ਹਨ ਤਾਂ ਚੀਨ ’ਚ ਇਹ ਗਿਣਤੀ ਦੁੱਗਣੀ ਹੈ।’ ਉਨ੍ਹਾਂ ਕਿਹਾ, ‘ਹੁਣ ਤੁਸੀਂ ਸਿਰਫ਼ ਦੋ ‘ਸੀ’ ਸੁਣ ਸਕਦੇ ਹੋ ‘ਕਰੋਨਾ’ ਤੇ ‘ਚੀਨ’। ਅਸੀਂ ਸਮੱਸਿਆਵਾਂ ਨੂੰ ਅਮਨ ਤੇ ਗੱਲਬਾਤ ਰਾਹੀਂ ਹੱਲ ਕਰਨ ’ਚ ਯਕੀਨ ਰੱਖਦੇ ਹਾਂ ਪਰ ਜੇਕਰ ਕੋਈ ਭਾਰਤ ’ਤੇ ਬੁਰੀ ਨਜ਼ਰ ਪਾਉਂਦਾ ਹੈ ਤਾਂ ਅਸੀਂ ਉਸ ਦਾ ਮੂੰਹ ਤੋੜ ਜਵਾਬ ਦੇਵਾਂਗੇ। ਜੇਕਰ ਸਾਡੇ 20 ਜਵਾਨ ਸ਼ਹੀਦ ਹੋਏ ਹਨ ਤਾਂ ਚੀਨ ’ਚ ਇਹ ਗਿਣਤੀ ਦੁੱਗਣੀ ਹੈ।’ -ਪੀਟੀਆਈ

ਭਾਰਤ-ਚੀਨ ਫ਼ੌਜੀ ਤੇ ਕੂਟਨੀਤਕ ਵਾਰਤਾ ਜਾਰੀ ਰਹੇਗੀ

ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਊਨ੍ਹਾਂ ਨੂੰ ਆਸ ਹੈ ਕਿ ਚੀਨ ਵਲੋਂ ਦੁਵੱਲੇ ਸਮਝੌਤਿਆਂ ਅਨੁਸਾਰ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਬਹਾਲੀ ਯਕੀਨੀ ਬਣਾਈ ਜਾਵੇਗੀ। ਦੋਵਾਂ ਮੁਲਕਾਂ ਵਿਚਾਲੇ ਪੂਰਬੀ ਲੱਦਾਖ ਸਰਹੱਦ ’ਤੇ ਪਿਛਲੇ ਸੱਤ ਹਫ਼ਤਿਆਂ ਤੋਂ ਤਲਖੀ ਬਣੀ ਹੋਈ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ 59 ਚੀਨੀ ਐਪਸ ’ਤੇ ਪਾਬੰਦੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਭਾਰਤ ਵਿੱਚ ਚੱਲਦੀਆਂ ਕੰਪਨੀਆਂ ਨੂੰ ਡੇਟਾ ਸੁਰੱਖਿਆ ਅਤੇ ਵਿਅਕਤੀਗਤ ਡੇਟਾ ਦੀ ਨਿੱਜਤਾ ਸਬੰਧੀ ਨੇਮਾਂ ਅਤੇ ਰੈਗੂਲੇਟਰੀ ਢਾਂਚੇ ਦੀ ਪਾਲਣਾ ਕਰਨੀ ਪਵੇਗੀ। ਊਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਵਲੋਂ ਫੌਜੀ ਅਤੇ ਕੂਟਨੀਤਕ ਪੱਧਰ ’ਤੇ ਬੈਠਕਾਂ ਜਾਰੀ ਰਹਿਣਗੀਆਂ ਤਾਂ ਜੋ ਮਸਲਿਆਂ ਦੇ ਹੱਲ ਸਬੰਧੀ ‘ਆਪਸੀ ਤਸੱਲੀ’ ਹੋ ਸਕੇ। ਊਨ੍ਹਾਂ ਕਿਹਾ ਕਿ ਸੀਨੀਅਰ ਕਮਾਂਡਰਾਂ ਵਿਚਾਲੇ ਹੋਈ ਤਾਜ਼ਾ ਬੈਠਕ ਦੌਰਾਨ ਹੋਈਆਂ ਚਰਚਾਵਾਂ ਵਿੱਚ ਦੋਵਾਂ ਧਿਰਾਂ ਦੀ 3,500 ਕਿਲੋਮੀਟਰ ਦੀ ਅਸਲ ਕੰਟਰੋਲ ਰੇਖਾ ’ਤੇ ਤਣਾਅ ਘਟਾਊਣ ਪ੍ਰਤੀ ਵਚਨਬੱਧਤਾ ਝਲਕੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All