ਕੋਲਕਾਤਾ, 22 ਸਤੰਬਰ
ਕੋਲਕਾਤਾ ਹਾਈ ਕੋਰਟ ਨੇ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਪੱਛਮੀ ਬੰਗਾਲ ਵਿੱਚ ਸਕੂਲ ਨੌਕਰੀ ਘੁਟਾਲੇ ਦੀ ਜਾਂਚ ਨਾਲ ਜੁੜੇ ਮਾਮਲੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਬੈਨਰਜੀ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਹਾਲਾਂਕਿ, ਜਸਟਿਸ ਤੀਰਥੰਕਰ ਘੋਸ਼ ਦੇ ਬੈਂਚ ਨੇ ਈਡੀ ਵੱਲੋਂ ਅਭਿਸ਼ੇਕ ਖ਼ਿਲਾਫ਼ ਦਰਜ ਐਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈਸੀਆਈਆਰ) ਨੂੰ ਰੱਦ ਨਹੀਂ ਕੀਤਾ, ਜੋ ਐੱਫਆਈਆਰ ਦੇ ਬਰਾਬਰ ਮੰਨੀ ਜਾਂਦੀ ਹੈ। ਹਾਈ ਕੋਰਟ ਨੇ ਕਿਹਾ ਕਿ ਸਰਕਾਰੀ ਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਵਿੱਚ ਕਥਿਤ ਬੇਨੇਮੀਆਂ ਸਬੰਧੀ ਅਭਿਸ਼ੇਕ ਖ਼ਿਲਾਫ਼ ਜਾਂਚ ਜਾਰੀ ਰਹੇਗੀ। ਅਦਾਲਤ ਨੇ ਕਿਹਾ ਕਿ ਕੇਂਦਰੀ ਏਜੰਸੀ ਵੱਲੋਂ ਪੇਸ਼ ਕੀਤੇ ਸਬੂਤ ਅਭਿਸ਼ੇਕ ਦੀ ਗ੍ਰਿਫ਼ਤਾਰੀ ਲਈ ਕਾਫ਼ੀ ਨਹੀਂ ਹਨ। -ਪੀਟੀਆਈ