ਸੰਦੇਸ਼ਖਲੀ ਹਿੰਸਾ: ਸੀਬੀਆਈ ਨੇ ਜਾਂਚ ਆਪਣੇ ਹੱਥਾਂ ’ਚ ਲਈ
ਨਵੀਂ ਦਿੱਲੀ, 6 ਜੁਲਾਈ
ਪੱਛਮੀ ਬੰਗਾਲ ਦੇ ਸੰਦੇਸ਼ਖਲੀ ’ਚ 2019 ਦੀਆਂ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੌਰਾਨ ਭਾਜਪਾ ਵਰਕਰਾਂ ਪ੍ਰਦੀਪ ਮੰਡਲ, ਦੇਵਦਾਸ ਮੰਡਲ ਅਤੇ ਸੁਕਾਂਤਾ ਮੰਡਲ ਦੀਆਂ ਹੱਤਿਆਵਾਂ ਦੇ ਮਾਮਲੇ ਦੀ ਜਾਂਚ ਸੀਬੀਆਈ ਨੇ ਆਪਣੇ ਹੱਥਾਂ ’ਚ ਲੈ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਏਜੰਸੀ ਨੇ ਇਸ ਮਾਮਲੇ ’ਚ ਟੀਐੱਮਸੀ ਦੇ ਸਾਬਕਾ ਆਗੂ ਸ਼ਾਹਜਹਾਨ ਸ਼ੇਖ਼ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਸੀਬੀਆਈ ਨੇ ਕਲਕੱਤਾ ਹਾਈ ਕੋਰਟ ਵੱਲੋਂ 30 ਜੂਨ ਨੂੰ ਸੁਣਾਏ ਹੁਕਮਾਂ ਮਗਰੋਂ ਇਹ ਕਾਰਵਾਈ ਕੀਤੀ ਹੈ। ਜਸਟਿਸ ਜੁਆਇ ਸੇਨਗੁਪਤਾ ਨੇ ਸੀਬੀਆਈ ਨੂੰ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਗਠਨ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਕਿਹਾ ਕਿ ਮਾਮਲੇ ਦੀ ਜਾਂਚ ਸੰਯੁਕਤ ਡਾਇਰੈਕਟਰ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਜਸਟਿਸ ਸੇਨਗੁਪਤਾ ਨੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਦਿਆਂ ਕਿਹਾ ਸੀ, ‘‘ਪੁਲੀਸ ਵੱਖ ਵੱਖ ਪੜਾਵਾਂ ’ਤੇ ਮੁੱਖ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ’ਚ ਨਾਕਾਮ ਰਹੀ ਹੈ ਜਿਸ ਨਾਲ ਨਿਆਂ ਦਾ ਘਾਣ ਹੋਇਆ ਹੈ। ਇਸ ਲਈ ਜਾਂਚ ਦੀ ਕਮਾਨ ਦੁਬਾਰਾ ਪੁਲੀਸ ਹਵਾਲੇ ਕਰਨਾ ਨਿਆਂ ਦੇ ਹਿੱਤ ’ਚ ਨਹੀਂ ਹੋਵੇਗਾ।’’ -ਪੀਟੀਆਈ