ਚੇਨੱਈ, 3 ਸਤੰਬਰ
ਤਾਮਿਲਨਾਡੂ ਵਿੱਚ ਸੱਤਾਧਾਰੀ ਡੀਐੱਮਕੇ ਦੀ ਯੂਥ ਇਕਾਈ ਦੇ ਸਕੱਤਰ ਤੇ ਸੂਬੇ ਦੇ ਯੁਵਾ ਭਲਾਈ ਮੰਤਰੀ ਉਦੈਨਿਧੀ ਸਟਾਲਨਿ ਨੇ ਸਨਾਤਨ ਧਰਮ ਨੂੰ ਸਮਾਨਤਾ ਤੇ ਸਮਾਜਿਕ ਨਿਆਂ ਦੇ ਖਿਲਾਫ ਦੱਸਦੇ ਹੋਏ ਕਿਹਾ ਕਿ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਦੈਨਿਧੀ ਸਟਾਲਨਿ ਨੇ ਸਨਾਤਨ ਧਰਮ ਦੀ ਤੁਲਨਾ ਕਰੋਨਾਵਾਇਰਸ, ਮਲੇਰੀਆ ਤੇ ਡੇਂਗੂ ਜਾਂ ਮੱਛਰਾਂ ਨਾਲ ਹੋਣ ਵਾਲੇ ਬੁਖਾਰ ਨਾਲ ਕਰਦੇ ਹੋਏ ਕਿਹਾ ਕਿ ਅਜਿਹੀਆਂ ਚੀਜ਼ਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਬਲਕਿ ਇਨ੍ਹਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਤਾਮਿਲਨਾਡੂ ਪ੍ਰਗਤੀਸ਼ੀਲ ਲੇਖਕ ਤੇ ਕਲਾਕਾਰ ਸੰਘ ਦੀ ਸ਼ਨਿਚਰਵਾਰ ਨੂੰ ਇੱਥੇ ਹੋਏ ਮੀਟਿੰਗ ਨੂੰ ਤਾਮਿਲ ਵਿੱਚ ਸੰਬੋਧਨ ਕਰਦਿਆਂ ਉਦੈਨਿਧੀ ਸਟਾਲਨਿ ਨੇ ਸਨਾਤਨ ਧਰਮ ਦਾ ਜ਼ਿਕਰ ‘ਸਨਾਤਨਮ’ ਵਜੋਂ ਕੀਤਾ। ਉਨ੍ਹਾਂ ਕਿਹਾ, ‘‘ਸਨਾਤਨਮ ਕੀ ਹੈ? ਇਹ ਸੰਸਕ੍ਰਿਤ ਭਾਸ਼ਾ ਤੋਂ ਆਇਆ ਸ਼ਬਦ ਹੈ। ਸਨਾਤਨ ਸਮਾਨਤਾ ਤੇ ਸਮਾਜਿਕ ਨਿਆਂ ਖ਼ਿਲਾਫ਼ ਹੋਣ ਤੋਂ ਇਲਾਵਾ ਕੁਝ ਨਹੀਂ ਹੈ।’’ -ਪੀਟੀਆਈ