Russia-Ukraine War: ਰੂਸੀ ਫ਼ੌਜ ਵਿੱਚ ਹੁਣ ਵੀ 69 ਭਾਰਤੀ ਸੇਵਾ ਨਿਭਾ ਰਹੇ ਹਨ: ਵਿਦੇਸ਼ ਮੰਤਰਾਲਾ
ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ 69 ਭਾਰਤੀ ਨਾਗਰਿਕ ਅਜੇ ਵੀ ਰੂਸੀ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹਨ। ਮੰਤਰਾਲੇ ਨੇ ਭਾਰਤੀਆਂ ਨੂੰ ਮੁੜ ਅਪੀਲ ਕੀਤੀ ਕਿ ਉਹ ਰੂਸੀ ਫੌਜ ਵਿੱਚ ਭਰਤੀ ਹੋਣ ਦੀਆਂ ਪੇਸ਼ਕਸ਼ਾਂ ਦੇ ਝਾਂਸੇ ਵਿੱਚ ਨਾ ਆਉਣ...
ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ 69 ਭਾਰਤੀ ਨਾਗਰਿਕ ਅਜੇ ਵੀ ਰੂਸੀ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹਨ। ਮੰਤਰਾਲੇ ਨੇ ਭਾਰਤੀਆਂ ਨੂੰ ਮੁੜ ਅਪੀਲ ਕੀਤੀ ਕਿ ਉਹ ਰੂਸੀ ਫੌਜ ਵਿੱਚ ਭਰਤੀ ਹੋਣ ਦੀਆਂ ਪੇਸ਼ਕਸ਼ਾਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਚਿਤਾਵਨੀ ਦਿੱਤੀ ਕਿ ਅਜਿਹੀ ਭਰਤੀ ਜਾਨ ਲਈ ਗੰਭੀਰ ਖਤਰਾ ਪੈਦਾ ਕਰਦੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ 259 ਭਾਰਤੀ ਨਾਗਰਿਕ ਰੂਸੀ ਹਥਿਆਰਬੰਦ ਬਲਾਂ ਵਿੱਚ ਭਰਤੀ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਭਾਰਤ ਨੇ 139 ਦੀ ਜਲਦੀ ਛੁੱਟੀ (ਡਿਸਚਾਰਜ) ਯਕੀਨੀ ਬਣਾ ਦਿੱਤੀ ਹੈ। ਇਹ ਬਾਕੀ ਰਹਿੰਦੇ 69 ਜਣਿਆਂ ਦੇ ਠਿਕਾਣੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਅਸੀਂ ਰੂਸੀ ਫ਼ੌਜ ਵਿੱਚ ਬਾਕੀ ਰਹਿੰਦੇ ਭਾਰਤੀ ਨਾਗਰਿਕਾਂ ਦੀ ਰਿਹਾਈ ਲਈ ਰੂਸੀ ਧਿਰ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਾਂ।”
ਤਾਜ਼ਾ ਅੰਕੜੇ ਦੱਸਦੇ ਹਨ ਕਿ ਨਵੀਂ ਦਿੱਲੀ ਦੇ ਲਗਾਤਾਰ ਕੂਟਨੀਤਕ ਯਤਨਾਂ ਦੇ ਬਾਵਜੂਦ ਰੂਸੀ ਹਥਿਆਰਬੰਦ ਬਲਾਂ ਵਿੱਚ ਭਰਤੀ ਕੀਤੇ ਗਏ ਕਾਫ਼ੀ ਗਿਣਤੀ ਵਿੱਚ ਭਾਰਤੀ ਅਜੇ ਤੱਕ ਘਰ ਨਹੀਂ ਪਰਤੇ ਹਨ।
ਸਰਕਾਰ ਨੇ ਵਾਰ-ਵਾਰ ਭਾਰਤੀਆਂ ਨੂੰ ਰੂਸੀ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਵਿਰੁੱਧ ਚਿਤਾਵਨੀ ਦਿੱਤੀ ਹੈ, ਪਰ ਜੈਸਵਾਲ ਨੇ ਕਿਹਾ ਕਿ ਤਾਜ਼ਾ ਭਰਤੀ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਉਨ੍ਹਾਂ ਕਿਹਾ, “ਅਸੀਂ ਇੱਕ ਵਾਰ ਫਿਰ ਭਾਰਤੀ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਰੂਸੀ ਫ਼ੌਜ ਵਿੱਚ ਸ਼ਾਮਲ ਹੋਣ ਲਈ ਕੀਤੀਆਂ ਜਾ ਰਹੀਆਂ ਪੇਸ਼ਕਸ਼ਾਂ ਤੋਂ ਦੂਰ ਰਹਿਣ। ਇਹ ਜਾਨ ਲਈ ਭਾਰੀ ਖ਼ਤਰੇ ਨਾਲ ਭਰਿਆ ਹੋਇਆ ਹੈ।”
ਉਨ੍ਹਾਂ ਕਿਹਾ, “ਪਿਛਲੇ ਦੋ ਸਾਲਾਂ ਦੌਰਾਨ ਸਾਡੀਆਂ ਵਾਰ-ਵਾਰ ਜਾਰੀ ਕੀਤੀਆਂ ਗਈਆਂ ਸਲਾਹਾਂ ਦੇ ਬਾਵਜੂਦ, ਜਿਸ ਵਿੱਚ 30 ਸਤੰਬਰ ਦੀ ਤਾਜ਼ਾ ਸਲਾਹ ਵੀ ਸ਼ਾਮਲ ਹੈ, ਅਸੀਂ ਦੇਖ ਰਹੇ ਹਾਂ ਕਿ ਭਾਰਤੀ ਨਾਗਰਿਕਾਂ ਦੇ ਰੂਸੀ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਲਗਾਤਾਰ ਆ ਰਹੀਆਂ ਹਨ। ਇਹ ਡੂੰਘੇ ਚਿੰਤਾ ਦਾ ਵਿਸ਼ਾ ਹੈ।”
ਇਹ ਤਾਜ਼ਾ ਅੰਕੜੇ ਵਿਦੇਸ਼ ਮੰਤਰਾਲੇ ਵੱਲੋਂ ਮਾਲੀ ਲਾਭਾਂ ਲਈ ਰੂਸੀ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਭਾਰਤੀਆਂ ਵਿਰੁੱਧ ਇੱਕ ਸਖ਼ਤ ਸਲਾਹ ਜਾਰੀ ਕਰਨ ਤੋਂ ਕੁਝ ਦਿਨ ਬਾਅਦ ਆਏ ਹਨ, ਜਿਸ ਵਿੱਚ ਚਿਤਾਵਨੀ ਦਿੱਤੀ ਗਈ ਸੀ ਕਿ ਅਜਿਹਾ ਕਦਮ ਉਨ੍ਹਾਂ ਨੂੰ “ਜਾਨਲੇਵਾ ਖ਼ਤਰਿਆਂ” ਵਿੱਚ ਪਾ ਸਕਦਾ ਹੈ।
30 ਸਤੰਬਰ ਦੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਨੂੰ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਭਾਰਤੀ ਰੂਸੀ ਫ਼ੌਜਾਂ ਵਿੱਚ ਸ਼ਾਮਲ ਹੋਣ ਲਈ “ਆਪਣੀ ਮਰਜ਼ੀ ਨਾਲ ਪੇਸ਼ਕਸ਼ਾਂ ਦੀ ਭਾਲ ਕਰ ਰਹੇ ਹਨ”, ਅਤੇ ਬਾਅਦ ਵਿੱਚ ਆਪਣੀ ਰਿਹਾਈ ਲਈ ਨਵੀਂ ਦਿੱਲੀ ਨਾਲ ਸੰਪਰਕ ਕਰ ਰਹੇ ਹਨ।
ਸਰਕਾਰ ਨੇ ਚਿਤਾਵਨੀ ਦਿੱਤੀ ਸੀ ਕਿ ਕੁਝ ਭਰਤੀ ਹੋਣ ਵਾਲੇ ਅਜਿਹਾ ਮੰਨਦੇ ਜਾਪਦੇ ਹਨ ਕਿ ਉਹ ਪੈਸਾ ਕਮਾ ਸਕਦੇ ਹਨ ਅਤੇ ਬਾਅਦ ਵਿੱਚ ਭਾਰਤੀ ਕੂਟਨੀਤਕ ਦਖ਼ਲਅੰਦਾਜ਼ੀ ਰਾਹੀਂ ਆਪਣੀ ਰਿਹਾਈ ਯਕੀਨੀ ਬਣਾ ਸਕਦੇ ਹਨ।
ਨਵੀਂ ਦਿੱਲੀ ਰੂਸੀ ਹਥਿਆਰਬੰਦ ਬਲਾਂ ਵਿੱਚ ਸੇਵਾ ਨਿਭਾ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ, ਭਲਾਈ ਅਤੇ ਜਲਦੀ ਛੁੱਟੀ ਲਈ ਮਾਸਕੋ ਉੱਤੇ ਜ਼ੋਰ ਦੇ ਰਿਹਾ ਹੈ।
ਜਾਰੀ ਰੂਸ-ਯੂਕ੍ਰੇਨ ਸੰਘਰਸ਼ ਦੇ ਵਿਚਕਾਰ ਇਹ ਮੁੱਦਾ ਭਾਰਤ-ਰੂਸ ਸਬੰਧਾਂ ਦਾ ਇੱਕ ਸੰਵੇਦਨਸ਼ੀਲ ਪਹਿਲੂ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ, ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਯੁੱਧ ਦੌਰਾਨ ਰੂਸੀ ਹਥਿਆਰਬੰਦ ਬਲਾਂ ਵਿੱਚ ਸੇਵਾ ਨਿਭਾਉਂਦੇ ਹੋਏ 51 ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।
ਸਰਕਾਰ ਦਾ ਕਹਿਣਾ ਰਿਹਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਰੂਸੀ ਫ਼ੌਜ ਵਿੱਚ ਭਰਤੀ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਉਸ ਨੇ ਵਾਰ-ਵਾਰ ਲੋਕਾਂ ਨੂੰ ਫ਼ੌਜੀ ਸੇਵਾ ਨਾਲ ਜੁੜੀਆਂ ਗ਼ੈਰ-ਪ੍ਰਮਾਣਿਤ ਨੌਕਰੀ ਦੀਆਂ ਪੇਸ਼ਕਸ਼ਾਂ ਨੂੰ ਸਵੀਕਾਰ ਕਰਨ ਵਿਰੁੱਧ ਚਿਤਾਵਨੀ ਦਿੱਤੀ ਹੈ।

