ਨਵੀਂ ਦਿੱਲੀ, 10 ਸਤੰਬਰ
ਰੂਸ ਨੇ ਜੀ-20 ਐਲਾਨਨਾਮੇ ਨੂੰ ‘ਸੰਤੁਲਿਤ’ ਕਰਾਰ ਦਿੱਤਾ ਹੈ। ਰੂਸ ਨੇ ਐਲਾਨਨਾਮੇ ਦੀ ਸ਼ਲਾਘਾ ਕੀਤੀ ਹੈ ਜਿਸ ਵਿੱਚ ਯੂਕਰੇਨ ਨਾਲ ਜੰਗ ਲਈ ਮਾਸਕੋ ਦੀ ਸਿੱਧੇ ਤੌਰ ’ਤੇ ਨੁਕਤਾਚੀਨੀ ਤੋਂ ਪਰਹੇਜ਼ ਕੀਤਾ ਗਿਆ ਹੈ। ਰੂਸ ਨੇ ਕਿਹਾ ਕਿ ਜੀ-20 ਆਗੂਆਂ ਨੇ ਰੂਸ-ਯੂਕਰੇਨ ਵਵਿਾਦ ਨੂੰ ਸੁਲਝਾਉਣ ਦੇ ਹਿੱਤ ਵਿੱਚ ਕੰਮ ਕੀਤਾ ਹੈ। ਜੀ-20 ਸਿਖਰ ਸੰਮੇਲਨ ਦੇ ਦੂਜੇ ਦਨਿ ਵੀ ਇਸ ਮੁੱਦੇ ’ਤੇ ਵਿਚਾਰ ਚਰਚਾ ਜਾਰੀ ਰਹੀ। ਦੱਸ ਦੇਈਏ ਕਿ ਜੀ-20 ਨੇ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ਵਿਚ ਸਰਬਸੰਮਤੀ ਨਾਲ ਐਲਾਨਨਾਮੇ ਨੂੰ ਅਪਣਾਇਆ ਸੀ ਜਿਸ ਵਿਚ ਜੰਗ ਲਈ ਰੂਸ ਦੀ ਨਿਖੇਧੀ ਤੋਂ ਪਰਹੇਜ਼ ਕੀਤਾ ਗਿਆ ਸੀ ਪਰ ਯੂਕਰੇਨੀ ਖੇਤਰਾਂ ’ਤੇ ਕਬਜ਼ੇ ਲਈ ਤਾਕਤ ਦੀ ਵਰਤੋਂ ਨਾ ਕਰਨ ਦਾ ਸੱਦਾ ਦਿੱਤਾ ਗਿਆ ਸੀ। ਰੂਸ ਦਾ ਹਾਲਾਂਕਿ ਕਹਿਣਾ ਹੈ ਕਿ ਉਹ ਯੂਕਰੇਨ ਵਿੱਚ ‘ਵਿਸ਼ੇਸ਼ ਫੌਜੀ ਅਪਰੇਸ਼ਨ’ ਚਲਾ ਰਿਹਾ ਹੈ। ਰੂਸ ਨੇ ਕਿਹਾ ਕਿ ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਸਿਖਰ ਸੰਮੇਲਨ ਇਕ ਅਹਿਮ ਸੰਮੇਲਨ ਰਿਹਾ ਹੈ ਕਿਉਂਕਿ ਇਸ ਦੇ ਨਤੀਜਿਆਂ ਨੇ ਦੁਨੀਆ ਨੂੰ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅੱਗੇ ਵਧਣ ਦਾ ਰਾਹ ਦਿਖਾਇਆ ਹੈ ਤੇ ‘ਗਲੋਬਲ ਸਾਊਥ’ ਦੀ ਤਾਕਤ ਤੇ ਮਹੱਤਤਾ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ‘ਗਲੋਬਲ ਸਾਊਥ’ ਸ਼ਬਦ ਦੀ ਵਰਤੋਂ ਅਕਸਰ ਵਿਕਾਸਸ਼ੀਲ ਜਾਂ ਘੱਟ ਵਿਕਸਤ ਦੇਸ਼ਾਂ ਲਈ ਕੀਤੀ ਜਾਂਦੀ ਹੈ। ਇਹ ਦੇਸ਼ ਮੁੱਖ ਤੌਰ ’ਤੇ ਅਫਰੀਕਾ, ਏਸ਼ੀਆ ਤੇ ਲਤੀਨੀ ਅਮਰੀਕਾ ਵਿੱਚ ਸਥਿਤ ਹਨ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੇ ਯੂਕਰੇਨ ਸਣੇ ਕਈ ਮੁੱਦਿਆਂ ’ਤੇ ਪੱਛਮੀ ਦੇਸ਼ਾਂ ਨੂੰ ਆਪਣਾ ਦ੍ਰਿਸ਼ਟੀਕੋਣ ਅੱਗੇ ਵਧਾਉਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਐਲਾਨਨਾਮੇ ਵਿੱਚ ਸੁਨੇਹਾ ਦਿੱਤਾ ਗਿਆ ਹੈ ਕਿ ਦੁਨੀਆ ਵਿੱਚ ਜੰਗੀ ਸੰਘਰਸ਼ਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੇ ਅਨੁਸਾਰ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਮੈਂ ਭਾਰਤ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਜੀ-20 ਦਾ ਸਿਆਸੀਕਰਨ ਨਹੀਂ ਹੋਣ ਦਿੱਤਾ ਹੈ।’’ ਯੂਕਰੇਨ ਨੇ ਜੀ-20 ਐਲਾਨਨਾਮੇ ’ਤੇ ਨਾਖੁਸ਼ੀ ਜਤਾਉਂਦਿਆਂ ਕਿਹਾ ਹੈ ਕਿ ਇਸ ਐਲਾਨਨਾਮੇ ਵਿੱਚ ਕੁਝ ਵੀ ‘ਮਾਣ’ ਕਰਨ ਯੋਗ ਨਹੀਂ ਹੈ ਕਿਉਂਕਿ ਯੂਕਰੇਨ ’ਤੇ ਹਮਲੇ ਲਈ ਰੂਸ ਨੂੰ ਸਿੱਧੇ ਤੌਰ ’ਤੇ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। -ਰਾਇਟਰਜ਼