ਭਾਰਤ ’ਚ ਹਥਿਆਰਾਂ ਦੇ ਪੁਰਜ਼ੇ ਬਣਾਉਣ ਲਈ ਰੂਸ ਸਹਿਮਤ
ਭਾਰਤ ਅਤੇ ਰੂਸ ਨੇ ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਨਵੀਂ ਦਿਸ਼ਾ ਦਿੰਦਿਆਂ ਅਹਿਮ ਸਮਝੌਤਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ ਸਿਖਰ ਵਾਰਤਾ ਦੌਰਾਨ ਰੂਸ ਇਸ ਗੱਲ ਲਈ ਸਹਿਮਤ ਹੋ ਗਿਆ ਹੈ ਕਿ ਉਹ ਭਾਰਤ ਵਿੱਚ ਰੂਸੀ ਮੂਲ ਦੇ ਹਥਿਆਰਾਂ ਅਤੇ ਰੱਖਿਆ ਉਪਕਰਨਾਂ ਦੇ ਪੁਰਜ਼ਿਆਂ ਦਾ ਨਿਰਮਾਣ ਉਤਸ਼ਾਹਿਤ ਕਰੇਗਾ। ਇਹ ਕਦਮ ‘ਮੇਕ ਇਨ ਇੰਡੀਆ’ ਪ੍ਰੋਗਰਾਮ ਤਹਿਤ ਚੁੱਕਿਆ ਗਿਆ ਹੈ। ਭਾਰਤੀ ਹਥਿਆਰਬੰਦ ਸੈਨਾਵਾਂ ਦੀ ਲੰਮੇ ਸਮੇਂ ਤੋਂ ਸ਼ਿਕਾਇਤ ਸੀ ਕਿ ਰੂਸ ਤੋਂ ਪੁਰਜ਼ੇ ਆਉਣ ਵਿੱਚ ਦੇਰੀ ਹੋਣ ਕਾਰਨ ਫੌਜੀ ਪ੍ਰਣਾਲੀਆਂ ਦੀ ਸਾਂਭ-ਸੰਭਾਲ ਵਿੱਚ ਮੁਸ਼ਕਲ ਆਉਂਦੀ ਹੈ। ਸਾਂਝੇ ਬਿਆਨ ਮੁਤਾਬਕ ਦੋਵੇਂ ਦੇਸ਼ ਸਾਂਝੇ ਉੱਦਮ ਲਾਉਣ ਲਈ ਸਹਿਮਤ ਹੋਏ ਹਨ, ਜੋ ਨਾ ਸਿਰਫ਼ ਭਾਰਤੀ ਫੌਜ ਦੀਆਂ ਲੋੜਾਂ ਪੂਰੀਆਂ ਕਰੇਗਾ, ਬਲਕਿ ਤੀਜੇ ਦੇਸ਼ਾਂ ਨੂੰ ਬਰਾਮਦ ਵੀ ਕਰ ਸਕੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਆਪਣੇ ਰੂਸੀ ਹਮਰੁਤਬਾ ਆਂਦਰੇ ਬੇਲੌਸੋਵ ਨਾਲ ਮੀਟਿੰਗ ਦੌਰਾਨ ਐੱਸ-400 ਮਿਜ਼ਾਈਲ ਸਿਸਟਮ ਦੀਆਂ ਵਾਧੂ ਇਕਾਈਆਂ ਖਰੀਦਣ ਵਿੱਚ ਦਿਲਚਸਪੀ ਦਿਖਾਈ ਸੀ। ਭਾਰਤ ਪਹਿਲਾਂ ਹੀ 5 ਬਿਲੀਅਨ ਡਾਲਰ ਦੇ ਸੌਦੇ ਤਹਿਤ ਐੱਸ-400 ਦੀਆਂ ਤਿੰਨ ਇਕਾਈਆਂ ਪ੍ਰਾਪਤ ਕਰ ਚੁੱਕਾ ਹੈ ਅਤੇ ਹੁਣ ਐੱਸ-500 ਸਿਸਟਮ ’ਤੇ ਵੀ ਵਿਚਾਰ ਕਰ ਸਕਦਾ ਹੈ। ਇਸ ਤੋਂ ਇਲਾਵਾ ਦੋਵੇਂ ਆਗੂ ਵਪਾਰਕ ਭੁਗਤਾਨਾਂ ਲਈ ਕੌਮੀ ਕਰੰਸੀਆਂ ਦੀ ਵਰਤੋਂ ਜਾਰੀ ਰੱਖਣ ਅਤੇ ਭੁਗਤਾਨ ਪ੍ਰਣਾਲੀਆਂ ਆਪਸ ਵਿੱਚ ਜੋੜਨ ਲਈ ਸਲਾਹ-ਮਸ਼ਵਰਾ ਕਰਨ ’ਤੇ ਵੀ ਸਹਿਮਤ ਹੋਏ ਹਨ।
