ਰੋਮੀਲਾ ਥਾਪਰ ਵੱਲੋਂ ਸਿਲੇਬਸ ’ਚੋਂ ਮੁਗ਼ਲ ਹਟਾਉਣ ਦੀ ਨਿਖੇਧੀ
ਕੇਰਲ ਸਾਹਿਤ ਉਤਸਵ ਵਿੱਚ ਉੱਘੀ ਇਤਿਹਾਸਕਾਰ ਦੇ ਤਿੱਖੇ ਬੋਲ; ਇਤਿਹਾਸ ਨੂੰ ਟੁਕੜਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ
ਪ੍ਰਸਿੱਧ ਇਤਿਹਾਸਕਾਰ ਰੋਮੀਲਾ ਥਾਪਰ ਨੇ ਸਕੂਲੀ ਪਾਠ ਪੁਸਤਕਾਂ ਵਿੱਚੋਂ ਮੁਗ਼ਲ ਸਾਮਰਾਜ ਅਤੇ ਦਿੱਲੀ ਸਲਤਨਤ ਵਰਗੇ ਮਹੱਤਵਪੂਰਨ ਅਧਿਆਵਾਂ ਨੂੰ ਹਟਾਉਣ ਦੇ ਫੈਸਲੇ ਨੂੰ ‘ਬੇਤੁਕਾ’ (Nonsense) ਕਰਾਰ ਦਿੱਤਾ ਹੈ। ਕੇਰਲ ਸਾਹਿਤ ਉਤਸਵ (KLF) ਦੇ ਨੌਵੇਂ ਐਡੀਸ਼ਨ ਵਿੱਚ ਆਨਲਾਈਨ ਸੰਬੋਧਨ ਕਰਦਿਆਂ 94 ਸਾਲਾ ਥਾਪਰ ਨੇ ਕਿਹਾ ਕਿ ਇਤਿਹਾਸ ਇੱਕ ਨਿਰੰਤਰ ਪ੍ਰਕਿਰਿਆ ਹੈ, ਜਿਸ ਵਿੱਚ ਲੋਕਾਂ, ਸੱਭਿਆਚਾਰਾਂ ਅਤੇ ਸੋਚ ਦਾ ਵਿਕਾਸ ਹੁੰਦਾ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਖਾਸ ਖ਼ਾਨਦਾਨ ਨੂੰ ਸਿਲੇਬਸ ਵਿੱਚੋਂ ਬਾਹਰ ਕੱਢਣ ਨਾਲ ਇਤਿਹਾਸ ਦੀ ਲੜੀ ਟੁੱਟ ਜਾਂਦੀ ਹੈ, ਜਿਸ ਨਾਲ ਪੂਰੀ ਸਮਝ ਦਾ ਨੁਕਸਾਨ ਹੁੰਦਾ ਹੈ। ਜ਼ਿਕਰਯੋਗ ਹੈ ਕਿ NCERT ਵੱਲੋਂ 2025-26 ਦੇ ਅਕਾਦਮਿਕ ਸਾਲ ਲਈ ਸੱਤਵੀਂ ਜਮਾਤ ਦੀਆਂ ਕਿਤਾਬਾਂ ਵਿੱਚੋਂ ਮੁਗ਼ਲਾਂ ਅਤੇ ਦਿੱਲੀ ਸਲਤਨਤ ਦੇ ਚੈਪਟਰ ਹਟਾ ਕੇ ਪ੍ਰਾਚੀਨ ਭਾਰਤੀ ਰਾਜਵੰਸ਼ਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਰੋਮੀਲਾ ਥਾਪਰ ਨੇ ਸੋਸ਼ਲ ਮੀਡੀਆ ’ਤੇ ਪ੍ਰਚਲਿਤ ‘ਪ੍ਰਸਿੱਧ ਇਤਿਹਾਸ’ (Popular History) ਪ੍ਰਤੀ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਸੱਚੇ ਇਤਿਹਾਸਕ ਤੱਥਾਂ ਅਤੇ ਨਿੱਜੀ ਰਾਵਾਂ ਵਿਚਕਾਰਲੀ ਲਕੀਰ ਧੁੰਦਲੀ ਹੁੰਦੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਸਕ ਘਟਨਾਵਾਂ ਦੀ ਸਹੀ ਜਾਣਕਾਰੀ ਲਈ ਕੇਵਲ ਪੇਸ਼ੇਵਰ ਇਤਿਹਾਸਕਾਰਾਂ ’ਤੇ ਹੀ ਭਰੋਸਾ ਕਰਨ।
ਇਸ ਤੋਂ ਇਲਾਵਾ, ਉਨ੍ਹਾਂ ਨੇ ਇੱਕ ਸੁਤੰਤਰ ਅਤੇ ਖ਼ੁਦਮੁਖਤਿਆਰ ਔਰਤ ਦੀ ਸਮਾਜ ਵਿੱਚ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਰਫ਼ ਨਾਰੀਵਾਦੀ ਇਤਿਹਾਸ ਲਿਖਣਾ ਹੀ ਕਾਫ਼ੀ ਨਹੀਂ, ਸਗੋਂ ਵਿਦਿਅਕ ਅਤੇ ਬੌਧਿਕ ਆਜ਼ਾਦੀ ਲਈ ਖੜ੍ਹਨਾ ਵੀ ਬਹੁਤ ਜ਼ਰੂਰੀ ਹੈ।- ਪੀਟੀਆਈ

