DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

West Bengal ਦੇ Academic Spaces ’ਚ ਸੰਘ ਪੱਖੀ ਜਥੇਬੰਦੀਆਂ ਦਾ ਉਭਾਰ

ਕਾਲਜਾਂ ਤੇ ਯੂਨੀਵਰਸਿਟੀਆਂ ’ਚ ਨਵੀਂ ਸਿਆਸੀ ਸਫ਼ਬੰਦੀ ਦਾ ਅਸਰ

  • fb
  • twitter
  • whatsapp
  • whatsapp
Advertisement

ਪੱਛਮੀ ਬੰਗਾਲ ’ਚ ਭਾਜਪਾ ਦੇ ਸੱਤਾ ’ਚ ਆਉਣ ਦੇ ਤਿੰਨ ਹਫ਼ਤਿਆਂ ਦੇ ਅੰਦਰ ਹੀ ਸੂਬੇ ਦੇ ਵਿਦਿਅਕ ਅਦਾਰਿਆਂ ’ਚ ਵਿਚਾਰਧਾਰਕ ਤਬਦੀਲੀ ਬੜੀ ਤੇਜ਼ੀ ਨਾਲ ਸਾਹਮਣੇ ਆਈ ਹੈ। ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਨਾਲ ਜੁੜੀਆਂ ਜਥੇਬੰਦੀਆਂ ਹੁਣ ਉਨ੍ਹਾਂ ਕੈਂਪਸਾਂ, ਸਟਾਫ਼ ਰੂਮਾਂ ਅਤੇ ਅਕਾਦਮਿਕ ਨੈੱਟਵਰਕਾਂ ਵਿੱਚ ਆਪਣਾ ਪ੍ਰਭਾਵ ਵਧਾਉਣ ਲਈ ਅੱਗੇ ਵਧ ਰਹੀਆਂ ਹਨ, ਜਿਨ੍ਹਾਂ ’ਤੇ ਲੰਮੇ ਸਮੇਂ ਤੋਂ ਖੱਬੇ-ਪੱਖੀਆਂ ਅਤੇ ਟੀ ਐੱਮ ਸੀ ਦਾ ਦਬਦਬਾ ਰਿਹਾ ਸੀ।

ਉੱਤਰੀ ਬੰਗਾਲ ਦੇ ਕਾਲਜਾਂ ਦੀਆਂ ਕੰਟੀਨਾਂ ਤੋਂ ਲੈ ਕੇ ਕੋਲਕਾਤਾ ਦੀਆਂ ਯੂਨੀਵਰਸਿਟੀਆਂ ਦੇ ਵਿਭਾਗਾਂ ਤੱਕ ਸ਼ਾਂਤ ਪਰ ਨਵੀਂ ਸਿਆਸੀ ਸਫ਼ਬੰਦੀ ਦੇਖਣ ਨੂੰ ਮਿਲ ਰਹੀ ਹੈ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਦੀ ਮੈਂਬਰਸ਼ਿਪ ਲੈਣ ਲਈ ਹੜ੍ਹ ਆ ਗਿਆ ਹੈ। ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ, ਪ੍ਰੋਫੈਸਰ ਅਤੇ ਹੋਰ ਅਮਲਾ ਵੀ ਭਾਰਤੀ ਸ਼ਿਕਸ਼ਣ ਮੰਡਲ ਅਤੇ ਅਖਿਲ ਭਾਰਤੀ ਰਾਸ਼ਟਰੀ ਸ਼ੈਕਸ਼ਿਕ ਮਹਾਸੰਘ ਨਾਲ ਜੁੜਨ ਲਈ ਉਤਾਵਲਾ ਹੈ। ਸਾਲਾਂ ਤੱਕ ਆਰ ਐੱਸ ਐੱਸ ਦਾ ਇਹ ਮੰਨਣਾ ਸੀ ਕਿ ਬੰਗਾਲ ਦੇ ਵਿਦਿਅਕ ਅਦਾਰੇ ਬਣਤਰ ਦੇ ਰੂਪ ਵਿੱਚ ਅਜਿਹਾ ਵਿਰੋਧੀ ਖੇਤਰ ਸਨ, ਜਿੱਥੇ ਚੋਣਾਂ ਵਿੱਚ ਹਾਰ ਦੇ ਬਾਵਜੂਦ ਖੱਬੇ-ਪੱਖੀਆਂ ਦਾ ਪ੍ਰਭਾਵ ਲੰਬੇ ਸਮੇਂ ਤੱਕ ਬਣਿਆ ਰਿਹਾ ਅਤੇ ਬਾਅਦ ਵਿੱਚ ਟੀ ਐੱਮ ਸੀ ਨੇ ਵਿਦਿਆਰਥੀ ਯੂਨੀਅਨਾਂ, ਭਰਤੀ ਦੇ ਤਰੀਕਿਆਂ ਅਤੇ ਕੈਂਪਸ ਪੱਧਰ ’ਤੇ ਕੰਟਰੋਲ ਰਾਹੀਂ ਆਪਣਾ ਸਰਪ੍ਰਸਤੀ ਨੈੱਟਵਰਕ ਖੜ੍ਹਾ ਕਰ ਲਿਆ।

Advertisement

ਰਾਸ਼ਟਰੀ ਸੋਇਮਸੇਵਕ ਸੰਘ ਦੇ ਸੀਨੀਅਰ ਆਗੂ ਜਿਸ਼ਣੂ ਬਾਸੂ ਨੇ ਚੋਣ ਨਤੀਜਿਆਂ ਤੋਂ ਬਾਅਦ ਸੰਘ ਦੇ ਹਲਕਿਆਂ ਵਿੱਚ ਫੈਲੇ ਵਿਆਪਕ ਵਿਚਾਰਧਾਰਕ ਭਰੋਸੇ ਨੂੰ ਜ਼ਾਹਰ ਕਰਦਿਆਂ ਦੱਸਿਆ, ‘‘ਇਹ ਬੰਗਾਲ ਦੀ ਹੀ ਧਰਤੀ ਹੈ ਜਿੱਥੋਂ ਰਾਸ਼ਟਰਵਾਦ ਅਤੇ ਵੰਦੇ ਮਾਤਰਮ ਦਾ ਜਨਮ ਹੋਇਆ ਹੈ। ਕਈ ਦਹਾਕਿਆਂ ਤੱਕ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਆਪਣੇ ਇਤਿਹਾਸ, ਸਭਿਆਚਾਰ ਅਤੇ ਜੜ੍ਹਾਂ ਨੂੰ ਭੁੱਲ ਜਾਈਏ। ਹੁਣ ਬੰਗਾਲ ਨੇ ਆਪਣੀਆਂ ਜੜ੍ਹਾਂ ਵੱਲ ਵਾਪਸ ਜਾਣ ਦਾ ਫ਼ੈਸਲਾ ਕਰ ਲਿਆ ਹੈ।’’

Advertisement

ਏ ਬੀ ਵੀ ਪੀ ਆਗੂਆਂ ਨੇ ਦਾਅਵਾ ਕੀਤਾ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਉਨ੍ਹਾਂ ਦੀ ਜਥੇਬੰਦੀ ਦੀ ਮੌਜੂਦਗੀ ਸਿਰਫ਼ 96 ਕਾਲਜਾਂ ਵਿੱਚ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਦੋ ਹਫ਼ਤਿਆਂ ਵਿੱਚ ਇਹ ਗਿਣਤੀ 400 ਨੂੰ ਪਾਰ ਕਰ ਗਈ ਹੈ ਅਤੇ 9 ਜੂਨ ਤੋਂ ਰਸਮੀ ਮੈਂਬਰਸ਼ਿਪ ਮੁਹਿੰਮਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਗ਼ੈਰ-ਰਸਮੀ ਨੈੱਟਵਰਕ ਤੇਜ਼ੀ ਨਾਲ ਉੱਭਰ ਕੇ ਸਾਹਮਣੇ ਆ ਰਹੇ ਹਨ। ਸਿਆਸੀ ਮਾਹਿਰ ਇਸ ਘਟਨਾਕ੍ਰਮ ਨੂੰ ਬੰਗਾਲ ਵਿੱਚ ਭਾਜਪਾ ਦੀ ਜਿੱਤ ਦੇ ਨਾਲ-ਨਾਲ ਵਿਚਾਰਧਾਰਕ ਤਬਦੀਲੀ ਵਜੋਂ ਦੇਖ ਰਹੇ ਹਨ। ਵਿਰੋਧੀ ਪਾਰਟੀਆਂ ਨੇ ਇਸ ਉਭਾਰ ਨੂੰ ਸੱਤਾ ਤਬਦੀਲੀ ਦਾ ਅਸਰ ਦੱਸਦਿਆਂ ਦਲੀਲ ਦਿੱਤੀ ਕਿ ਦਹਾਕਿਆਂ ਦੌਰਾਨ ਬਣਾਏ ਗਏ ਸੰਸਥਾਈ ਪ੍ਰਭਾਵ ਨੂੰ ਕੁਝ ਹਫ਼ਤਿਆਂ ’ਚ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ। ਉਂਜ ਆਲੋਚਕਾਂ ਨੇ ਨਿੱਜੀ ਤੌਰ ’ਤੇ ਇਹ ਸਵੀਕਾਰ ਕੀਤਾ ਹੈ ਕਿ ਕੈਂਪਸਾਂ ਅੰਦਰ ਬਦਲ ਰਿਹਾ ਮਿਜ਼ਾਜ ਸਾਫ਼ ਤੌਰ ’ਤੇ ਮਹਿਸੂਸ ਕੀਤਾ ਜਾ ਸਕਦਾ ਹੈ।

ਭਾਰਤੀ ਲੋਕਤੰਤਰ ’ਚ ਸਾਰੀਆਂ ਆਵਾਜ਼ਾਂ ਲਈ ਥਾਂ: ਸੰਘ ਆਗੂ

ਨਾਗਪੁਰ: ਰਾਸ਼ਟਰੀ ਸੋਇਮਸੇਵਕ ਸੰਘ ਦੇ ਸੀਨੀਅਰ ਆਗੂ ਸੁਨੀਲ ਅੰਬੇਕਰ ਨੇ ‘ਕੌਕਰੋਚ ਜਨਤਾ ਪਾਰਟੀ’ ਦੇ ਉਭਾਰ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭਾਰਤੀ ਲੋਕਤੰਤਰ ਵਿੱਚ ਸਾਰੀਆਂ ਆਵਾਜ਼ਾਂ ਅਤੇ ਭਾਵਨਾਵਾਂ ਨੂੰ ਸਮਾਉਣ ਦੀ ਪੂਰੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ‘ਜੈੱਨ ਜ਼ੀ’ ਦਾ ਦੇਸ਼ ਪ੍ਰਤੀ ਪੂਰਾ ਭਰੋਸਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਬੇਕਰ ਨੇ ਕਿਹਾ ਕਿ ਭਾਰਤ ਵਿੱਚ ਪਾਰਦਰਸ਼ੀ ਚੋਣਾਂ ਅਤੇ ਸੋਸ਼ਲ ਮੀਡੀਆ ਸਮੇਤ ਸੁਤੰਤਰ ਮੀਡੀਆ ਮੌਜੂਦ ਹੈ। ਇਸ ਲਈ ਕਿਸੇ ਵੀ ਨਵੇਂ ਵਿਚਾਰ ਜਾਂ ਚਰਚਾ ਨੂੰ ਇਕ ਝਟਕੇ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਦੇਸ਼ ਦੀਆਂ ਸੰਸਥਾਵਾਂ ਅਤੇ ਲੋਕਤੰਤਰ ਬਹੁਤ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਨਵੀਂ ਪੀੜ੍ਹੀ (ਜੈੱਨ ਜ਼ੀ) ਦੇਸ਼ ਪ੍ਰਤੀ ਬਹੁਤ ਆਸਵੰਦ ਹੈ ਅਤੇ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਕੰਮ ਕਰਦੀ ਹੈ। -ਪੀਟੀਆਈ

Advertisement
×