
ਨਵੀਂ ਦਿੱਲੀ, 25 ਮਾਰਚ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਇਕ ਮੀਟਿੰਗ ਕਰਕੇ ਜਨਤਕ ਖੇਤਰ ਦੇ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ। ਅਮਰੀਕਾ ਅਤੇ ਯੂਰੋਪ ਦੇ ਕੁਝ ਬੈਂਕ ਬੰਦ ਹੋਣ ਮਗਰੋਂ ਪੈਦਾ ਹੋਏ ਆਲਮੀ ਵਿੱਤੀ ਹਾਲਾਤ ਦੇ ਮੱਦੇਨਜ਼ਰ ਭਾਰਤ ਦੇ ਬੈਂਕਾਂ ਦੀ ਹਾਲਤ ਦੀ ਜਾਣਕਾਰੀ ਲੈਣ ਲਈ ਇਹ ਮੀਟਿੰਗ ਕੀਤੀ ਗਈ। ਉਨ੍ਹਾਂ ਬੈਂਕਾਂ ਨੂੰ ਅਪੀਲ ਕੀਤੀ ਕਿ ਉਹ ਵਿਆਜ ਦਰਾਂ ਦੇ ਜੋਖਮਾਂ ਨੂੰ ਲੈ ਕੇ ਚੌਕਸ ਰਹਿਣ ਅਤੇ ਨਿਯਮਤ ਤੌਰ ’ਤੇ ਇਸ ’ਤੇ ਨਜ਼ਰ ਰੱਖਣ। ਸਰਕਾਰੀ ਬੈਂਕਾਂ ਦੇ ਐੱਮਡੀਜ਼ ਅਤੇ ਸੀਈਓਜ਼ ਨਾਲ ਦੋ ਘੰਟੇ ਤੱਕ ਚੱਲੀ ਮੀਟਿੰਗ ਦੌਰਾਨ ਸਿਲੀਕਾਨ ਵੈਲੀ ਬੈਂਕ ਅਤੇ ਸਿਗਨੇਚਰ ਬੈਂਕ ਬੰਦ ਹੋਣ ਤੋਂ ਪੈਦਾ ਹੋਏ ਆਲਮੀ ਹਾਲਾਤ ਬਾਰੇ ਖੁੱਲ੍ਹਾ ਵਿਚਾਰ ਵਟਾਂਦਰਾ ਹੋਇਆ। ‘
ਮੀਟਿੰਗ ’ਚ ਵਿੱਤ ਰਾਜ ਮੰਤਰੀ ਭਾਗਵਤ ਕਰਾਡ, ਵਿੱਤੀ ਸੇਵਾਵਾਂ ਬਾਰੇ ਸਕੱਤਰ ਵਿਵੇਕ ਜੋਸ਼ੀ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਸੀਤਾਰਾਮਨ ਨੇ ਘੱਟ ਅਤੇ ਲੰਬੇ ਸਮੇਂ ਦੇ ਪਰਿਪੇਖ ਨਾਲ ਪੈਦਾ ਹੋਣ ਵਾਲੇ ਫੌਰੀ ਮੰਦੀ ਵਾਲੇ ਆਲਮੀ ਹਾਲਾਤ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਵਿੱਤ ਮੰਤਰੀ ਨੇ ਬੈਂਕਾਂ ਨੂੰ ਕਿਹਾ ਕਿ ਉਹ ਇਸ ਮੌਕੇ ਨੂੰ ਸੰਕਟ ਪ੍ਰਬੰਧਨ ਅਤੇ ਸੰਚਾਰ ਰਣਨੀਤੀਆਂ ਘੜਨ ਲਈ ਵਰਤਣ। ਬੈਂਕਾਂ ਦੇ ਮੁਖੀਆਂ ਨੇ ਸੀਤਾਰਾਮਨ ਨੂੰ ਦੱਸਿਆ ਕਿ ਉਹ ਬਿਹਤਰੀਨ ਕਾਰਪੋਰੇਟ ਸ਼ਾਸਕੀ ਅਮਲਾਂ ਅਤੇ ਨੇਮਾਂ ਦਾ ਪਾਲਣ ਕਰ ਰਹੇ ਹਨ। ਉਹ ਆਲਮੀ ਬੈਂਕਿੰਗ ਸੈਕਟਰ ’ਚ ਵਾਪਰੇ ਘਟਨਾਕ੍ਰਮ ਤੋਂ ਸਬਕ ਲੈਂਦਿਆਂ ਕਿਸੇ ਵੀ ਵਿੱਤੀ ਝਟਕੇ ਨੂੰ ਸਹਿਣ ਕਰਨ ਲਈ ਹਰਸੰਭਵ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਬੈਂਕਾਂ ਦੀ ਵਿੱਤੀ ਹਾਲਤ ਮਜ਼ਬੂਤ ਹੈ ਅਤੇ ਉਹ ਹਰ ਮਾਪਦੰਡ ’ਤੇ ਸਥਿਰ ਹਨ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰੀ ਬੈਂਕਾਂ ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ ਮਹਿਲਾ ਸੰਮਾਨ ਬੱਚਤ ਪੱਤਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿਸ ਦਾ ਐਲਾਨ ਬਜਟ ’ਚ ਕੀਤਾ ਗਿਆ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ