ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਈ
ਹਾੜ੍ਹੀ ਦੀ ਫਸਲ ਸਾਂਭਣ ਮਗਰੋਂ ਨੌਜਵਾਨਾਂ ਨੇ ਹੁਣ ਮੁੜ ਦਿੱਲੀ ਦੇ ਮੋਰਚਿਆਂ ਵੱਲ ਰੁਖ਼ ਕੀਤਾ ਹੈ। ਪੰਜਾਬ ਤੋਂ ਆਏ ਨੌਜਵਾਨਾਂ ਨੇ ਸਿੰਘੂ ਬਾਰਡਰ ’ਤੇ ਕੇਐੱਫਸੀ ਮਾਲ ਤੋਂ ਲੈ ਕੇ ਮੋਰਚੇ ਦੀ ਮੁੱਖ ਸਟੇਜ ਤੱਕ ਮਾਰਚ ਕੀਤਾ। ਨੌਜਵਾਨਾਂ ਨੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਾਰਚ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਵੀ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਹਾੜ੍ਹੀ ਦੀ ਫਸਲ ਸਾਂਭੇ ਜਾਣ ਮਗਰੋਂ ਹੁਣ ਖੇਤਾਂ ਵਿੱਚ ਕੰਮ ਘੱਟ ਗਿਆ ਹੈ ਤੇ ਉਹ ਮੋਰਚਿਆਂ ਵੱਲ ਪਰਤ ਆਏ ਹਨ। ਨੌਜਵਾਨ ਆਗੂ ਭੁਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਦੋਆਬੇ ਤੇ ਮਾਝੇ ਦੇ ਨੌਜਵਾਨਾਂ ਦੇ ਜੱਥੇ ਦਿੱਲੀ ਪੁੱਜੇ ਤੇ ਉਨ੍ਹਾਂ ਆਪਣੀ ਹਾਜ਼ਰੀ ਮਾਰਚ ਵਿੱਚ ਸ਼ਾਮਲ ਹੋ ਕੇ ਲਵਾਈ। ਉਧਰ ਦਿੱਲੀ ਦੇ ਮੋਰਚਿਆਂ ਉਪਰ ਡਟੇ ਕਿਸਾਨਾਂ ਨੇ ਬਾਂਸਾਂ, ਪਲਾਈਆਂ ਤੇ ਲੋਹੇ ਦੇ ਪਾਈਪਾਂ ਦੇ ਢਾਂਚੇ ਤਿਆਰ ਕਰਕੇ ਗਰਮੀ ਤੋਂ ਬਚਣ ਦੇ ਉਪਰਾਲੇ ਕੀਤੇ ਹੋਏ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਇੱਥੇ ਪੱਕੇ ਤੌਰ ’ਤੇ ਟਿਕੇ ਕਿਸਾਨਾਂ ਦੀ ਸਿਹਤ ਦਾ ਖ਼ਿਆਲ ਰੱਖਿਆ ਜਾ ਰਿਹਾ ਹੈ।
ਪੱਤਰਕਾਰਾਂ ਨੂੰ ਧਮਕੀਆਂ ਦੇਣ ਤੇ ਮਾਣਹਾਨੀ ਨੋਟਿਸ ਭੇਜਣ ਦੀ ਨਿਖੇੇਧੀ
ਕਿਰਤੀ ਕਿਸਾਨ ਯੂਨੀਅਨ ਨੇ ਇਕ ਚੈਨਲ ਦੇ ਪੱਤਰਕਾਰ ਵਿਜੈ ਨੂੰ ਧਮਕੀਆਂ ਦੇਣ, ਗਾਲ੍ਹਾਂ ਕੱਢਣ ਤੇ ਸੀਨੀਅਰ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਨੂੰ ਪੁਲੀਸ ਵੱਲੋਂ ਮਾਣਹਾਨੀ ਨੋਟਿਸ ਭੇਜਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੱਤਰਕਾਰ ਵਿਜੈ ਨੂੰ ਧਮਕੀਆਂ ਦੇਣ ਤੇ ਗਾਲ੍ਹਾਂ ਕੱਢਣ ਵਾਲੇ ਉਹੀ ਅਨਸਰ ਹਨ, ਜੋ ਕਿਸਾਨ ਆਗੂਆਂ ਨੂੰ ਗਾਲ੍ਹਾਂ ਕੱਢਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਦੀਆਂ ਵਿਰੋਧੀ ਸ਼ਕਤੀਆਂ ਸੋਸ਼ਲ ਮੀਡੀਆ ’ਤੇ ਪੂਰੀ ਤਰ੍ਹਾਂ ਸਰਗਰਮ ਹਨ।