ਪੰਜਾਬ ਸਰਕਾਰ ਨੇ ਅੱਜ ਨਵੇਂ ਸਾਲ ’ਚ ਕੈਬਨਿਟ ਵਜ਼ੀਰਾਂ ਦੇ ਵਿਭਾਗਾਂ ’ਚ ਪਹਿਲਾ ਮਾਮੂਲੀ ਫੇਰ-ਬਦਲ ਕੀਤਾ ਹੈ, ਜਿਸ ’ਚ ਸੰਜੀਵ ਅਰੋੜਾ ‘ਪਾਵਰਫੁੱਲ’ ਮੰਤਰੀ ਵਜੋਂ ਉੱਭਰੇ ਹਨ। ਆਗਾਮੀ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਇਹ ਫੇਰ-ਬਦਲ ਕੀਤਾ ਗਿਆ ਹੈ, ਜਿਸ ਦੇ ਸਿਆਸੀ ਮਾਅਨੇ ਵੀ ਹਨ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਭਾਗੀ ਫੇਰ-ਬਦਲ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਸਥਾਨਕ ਸਰਕਾਰਾਂ ਵਿਭਾਗ ਵੀ ਸੌਂਪ ਦਿੱਤਾ ਹੈ, ਡਾ. ਰਵੀਜੋਤ ਹਵਾਲੇ ਹੁਣ ਪਰਵਾਸੀ ਭਾਰਤੀ ਮਾਮਲੇ ਵਿਭਾਗ ਕੀਤਾ ਗਿਆ ਹੈ।
ਡਾ. ਰਵੀਜੋਤ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਲਿਆ ਗਿਆ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਕੋਲ ਪਹਿਲਾਂ ਊਰਜਾ, ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਵਿਭਾਗ ਵੀ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਭਾਗੀ ਫੇਰ-ਬਦਲ ਨੂੰ ਹਰੀ ਝੰਡੀ ਦੇ ਦਿੱਤੀ ਸੀ। ਸੰਜੀਵ ਅਰੋੜਾ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਰੋੜਾ ਨੇ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ’ਚ ਜਿੱਤ ਹਾਸਲ ਕੀਤੀ ਸੀ। ਜੇਤੂ ਰਹਿਣ ਮਗਰੋਂ ਸੰਜੀਵ ਅਰੋੜਾ ਨੇ 28 ਜੂਨ 2025 ਨੂੰ ਬਤੌਰ ਵਿਧਾਇਕ ਸਹੁੰ ਚੁੱਕੀ ਅਤੇ 3 ਜੁਲਾਈ 2025 ਨੂੰ ਮੰਤਰੀ ਵਜੋਂ ਸਹੁੰ ਚੁੱਕੀ ਸੀ। ਪੰਜਾਬ ਸਰਕਾਰ ਨੇ 18 ਅਗਸਤ 2025 ਨੂੰ ਵਿਭਾਗੀ ਫੇਰ-ਬਦਲ ਦੌਰਾਨ ਉਨਾਂ ਨੂੰ ਊਰਜਾ ਮੰਤਰਾਲਾ ਵੀ ਸੌਂਪ ਦਿੱਤਾ ਸੀ, ਜੋ ਪਹਿਲਾਂ ਹਰਭਜਨ ਸਿੰਘ ਈ ਟੀ ਓ ਕੋਲ ਸੀ। ਸਰਕਾਰ ਵੱਲੋਂ ਸੰਜੀਵ ਅਰੋੜਾ ਦੇ ਹੱਥ ਕਾਫ਼ੀ ਮਜ਼ਬੂਤ ਕੀਤੇ ਜਾ ਰਹੇ ਹਨ।
ਚਰਚੇ ਹਨ ਕਿ ਆਉਂਦੇ ਦਿਨਾਂ ’ਚ ਅਰੋੜਾ ਨੂੰ ਇੱਕ ਹੋਰ ਮਹਿਕਮਾ ਵੀ ਸੌਂਪਿਆ ਜਾ ਸਕਦਾ ਹੈ। ਸੰਜੀਵ ਅਰੋੜਾ ਹਿੰਦੂ ਚਿਹਰਾ ਵੀ ਹਨ ਅਤੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਤਾਕਤਵਰ ਬਣਾਇਆ ਜਾ ਰਿਹਾ ਹੈ। ਉਹ ਸਨਅਤੀ ਖ਼ਿੱਤੇ ਨਾਲ ਵੀ ਤੁਅੱਲਕ ਰੱਖਦੇ ਹਨ। ਭਾਜਪਾ ਤਰਫ਼ੋਂ ਪੰਜਾਬ ’ਚ ਆਪਣੇ ਸਿਆਸੀ ਪੈਰ ਪਸਾਰਨੇ ਸ਼ੁਰੂ ਕੀਤੇ ਹਨ ਅਤੇ ਸ਼ਹਿਰੀ ਖ਼ਿੱਤੇ ’ਚ ਟੱਕਰ ਦੇਣ ਲਈ ‘ਆਪ’ ਸਰਕਾਰ ਨੇ ਸੰਜੀਵ ਅਰੋੜਾ ਨੂੰ ਹੁਣ ਹੋਰ ਤਾਕਤ ਦੇ ਦਿੱਤੀ ਹੈ।

