ਤਰਨ ਤਾਰਨ ’ਚ ਕੇਸਾਂ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪੀ
ਪੰਜਾਬ ਪੁਲੀਸ ਨੇ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਦਰਜ ਪੁਲੀਸ ਕੇਸਾਂ ਬਾਰੇ ਗੁਪਤ ਸਮੀਖਿਆ ਰਿਪੋਰਟ ਸੀਲਬੰਦ ਲਿਫ਼ਾਫ਼ੇ ’ਚ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਇਹ ਰਿਪੋਰਟ ਅਗਲੀ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ। ਸੂਤਰਾਂ ਅਨੁਸਾਰ ਏ ਡੀ ਜੀ ਪੀ ਰਾਮ ਸਿੰਘ ਵੱਲੋਂ ਤਿਆਰ ਰਿਪੋਰਟ ’ਚ ਤਰਨ ਤਾਰਨ ਦੀ ਸਾਬਕਾ ਐੱਸ ਐੱਸ ਪੀ ਰਵਜੋਤ ਕੌਰ ਗਰੇਵਾਲ ਨੂੰ ਇੱਕ ਤਰੀਕੇ ਨਾਲ ਕਲੀਨ ਚਿੱਟ ਦੇ ਦਿੱਤੀ ਗਈ ਹੈ; ਹਾਲਾਂਕਿ, ਚੋਣ ਆਬਜ਼ਰਵਰ ਅਤੇ ਉੜੀਸਾ ਕੇਡਰ ਦੀ ਆਈ ਪੀ ਐੱਸ ਅਧਿਕਾਰੀ ਸ਼ਾਇਨੀ ਨੇ ਆਪਣੀ ਰਿਪੋਰਟ ’ਚ ਰਵਜੋਤ ਕੌਰ ਗਰੇਵਾਲ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਨੂੰ ਅੱਜ ਤਿੰਨ ਪੰਨਿਆਂ ਦੀ ਸੌਂਪੀ ਰਿਪੋਰਟ ’ਚ ਵੱਖ-ਵੱਖ ਜ਼ਿਲ੍ਹਿਆਂ ’ਚ ਪੁਲੀਸ ਕੇਸ ਦਰਜ ਕਰਨ ਦੇ ਤਾਲਮੇਲਵੇਂ ਢੰਗ ਨੂੰ ਉਜਾਗਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਪੰਜਾਬ ਪੁਲੀਸ ਵੱਲੋਂ ਅਕਾਲੀ ਆਗੂਆਂ ਤੇ ਵਰਕਰਾਂ ’ਤੇ ਝੂਠੇ ਕੇਸ ਦਰਜ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਡੀ ਜੀ ਪੀ ਨੂੰ 36 ਘੰਟਿਆਂ ’ਚ ਕੇਸਾਂ ਬਾਰੇ ਰਿਪੋਰਟ ਮੰਗੀ ਸੀ ਪਰ ਪੰਜਾਬ ਪੁਲੀਸ ਨੇ ਇੱਕ ਦਿਨ ਦੀ ਮੋਹਲਤ ਮੰਗ ਲਈ ਸੀ।
ਏ ਡੀ ਜੀ ਪੀ ਰਾਮ ਸਿੰਘ ਨੇ ਤਰਨ ਤਾਰਨ, ਮੋਗਾ, ਅੰਮ੍ਰਿਤਸਰ ਅਤੇ ਬਟਾਲਾ ’ਚ ਜ਼ਿਮਨੀ ਚੋਣ ਦੌਰਾਨ ਦਰਜ ਪੁਲੀਸ ਕੇਸਾਂ ਦੀ ਜਾਂਚ ਕੀਤੀ ਹੈ। ਪੁਲੀਸ ਨੇ ਤਰਨ ਤਾਰਨ ’ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੀ ਲੜਕੀ ਕੰਚਨਪ੍ਰੀਤ ਕੌਰ ’ਤੇ ਵੀ ਕੇਸ ਦਰਜ ਕੀਤਾ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਪੰਜਾਬ ਪੁਲੀਸ ਨੇ ਸਮੀਖਿਆ ਰਿਪੋਰਟ ਸੌਂਪ ਦਿੱਤੀ ਹੈ ਅਤੇ ਉਨ੍ਹਾਂ ਅਗਲੀ ਕਾਰਵਾਈ ਲਈ ਇਹ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਮੀਖਿਆ ਰਿਪੋਰਟ ਪੂਰੀ ਤਰ੍ਹਾਂ ਗੁਪਤ ਹੈ ਜਿਸ ਕਰ ਕੇ ਇਸ ਬਾਰੇ ਕੁੱਝ ਨਹੀਂ ਦੱਸਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਉਕਤ ਥਾਵਾਂ ’ਤੇ ਕਰੀਬ ਨੌਂ ਪੁਲੀਸ ਕੇਸ ਦਰਜ ਕਰ ਕੇ ਚਾਰ ਜਣੇ ਗ੍ਰਿਫ਼ਤਾਰ ਕੀਤੇ ਗਏ ਸਨ।
