ਵਕਫ਼ ਸੰਪਤੀਆਂ ਦਾ ਵੇਰਵਾ ਅਪਲੋਡ ਕਰਨ ਦਾ ਸਮਾਂ ਵਧਾਉਣ ਤੋਂ ਨਾਂਹ
ਸੁਪਰੀਮ ਕੋਰਟ ਨੇ ਟ੍ਰਿਬਿੳੂਨਲਾਂ ਕੋਲ ਪਹੁੰਚ ਲੲੀ ਕਿਹਾ
Advertisement
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉਮੀਦ ਪੋਰਟਲ ’ਤੇ ‘ਵਰਤੋਂਕਾਰ ਵੱਲੋਂ ਵਕਫ਼’ ਸਮੇਤ ਸਾਰੀਆਂ ਵਕਫ਼ ਸੰਪਤੀਆਂ ਦੀ ਲਾਜ਼ਮੀ ਰਜਿਸਟਰੇਸ਼ਨ ਲਈ ਸਮਾਂ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਆਗਸਟੀਨ ਜੌਰਜ ਮਸੀਹ ਦੇ ਬੈਂਚ ਨੇ ਪਟੀਸ਼ਨਰਾਂ ਨੂੰ ਕਿਹਾ ਕਿ ਉਹ ਸਮਾਂ-ਸੀਮਾ ਖ਼ਤਮ ਹੋਣ ਤੋਂ ਪਹਿਲਾਂ ਸਬੰਧਤ ਟ੍ਰਿਬਿਊਨਲਾਂ ਨਾਲ ਸੰਪਰਕ ਕਰਨ। ਬੈਂਚ ਨੇ ਕਿਹਾ, ‘‘ਸਾਡਾ ਧਿਆਨ ਧਾਰਾ 3ਬੀ ਵਿਵਸਥਾ ਵੱਲ ਦਿਵਾਇਆ ਗਿਆ ਹੈ। ਅਰਜ਼ੀਕਾਰਾਂ ਕੋਲ ਟ੍ਰਿਬਿਊਨਲ ਕੋਲ ਜਾਣ ਦਾ ਬਦਲ ਮੌਜੂਦ ਹੈ, ਇਸ ਲਈ ਅਸੀਂ ਉਨ੍ਹਾਂ ਦਾ ਨਿਬੇੜਾ ਕਰਦਿਆਂ ਛੇ ਮਹੀਨਿਆਂ ਦੀ ਮਿਆਦ ਦੀ ਆਖਰੀ ਤਰੀਕ ਤੱਕ ਟ੍ਰਿਬਿਊਨਲ ਦਾ ਰੁਖ਼ ਕਰਨ ਦੀ ਖੁੱਲ੍ਹ ਦਿੰਦੇ ਹਾਂ।’’ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਤੋਂ ਇਲਾਵਾ ਏ ਆਈ ਐੱਮ ਆਈ ਐੱਮ ਆਗੂ ਅਸਦ-ਉਦ-ਦੀਨ ਓਵਾਇਸੀ ਅਤੇ ਕਈ ਹੋਰਾਂ ਨੇ ਸਾਰੀਆਂ ਵਕਫ਼ ਸੰਪਤੀਆਂ ਦੇ ਲਾਜ਼ਮੀ ਰਜਿਸਟਰੇਸ਼ਨ ਲਈ ਸਮਾਂ ਵਧਾਉਣ ਦੀ ਅਪੀਲ ਕਰਦਿਆਂ ਸਿਖਰਲੀ ਅਦਾਲਤ ਦਾ ਰੁਖ਼ ਕੀਤਾ ਹੈ। ਇਸ ਤੋਂ ਪਹਿਲਾਂ ਇਕ ਵਕੀਲ ਨੇ ਕਿਹਾ ਸੀ ਕਿ ਵਕਫ਼ ਦੀ ਲਾਜ਼ਮੀ ਰਜਿਸਟਰੇਸ਼ਨ ਦਾ ਛੇ ਮਹੀਨੇ ਦਾ ਸਮਾਂ ਖ਼ਤਮ ਹੋਣ ਵਾਲਾ ਹੈ।
Advertisement
Advertisement
