ਨਵੀਂ ਦਿੱਲੀ, 27 ਜਨਵਰੀ
ਭਾਰਤੀ ਪੁਰਾਤੱਤਵ ਵਿਭਾਗ ਵੱਲੋਂ ਸੈਲਾਨੀਆਂ ਲਈ ਲਾਲ ਕਿਲ੍ਹਾ ਮੁੜ 27 ਤੋਂ 31 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਵਿਭਾਗ ਵੱਲੋਂ ਜਾਰੀ ਆਦੇਸ਼ ਵਿੱਚ ਇਸ ਨੂੰ ਬੰਦ ਰੱਖਣ ਸਬੰਧੀ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਬਰਡ ਫਲੂ ਦੇ ਮੱਦੇਨਜ਼ਰ ਇਹ ਇਤਿਹਾਸਕ ਇਮਾਰਤ 19 ਤੋਂ 22 ਜਨਵਰੀ ਅਤੇ ਫਿਰ ਗਣਤੰਤਰ ਦਿਵਸ ਦੌਰਾਨ 22 ਤੋਂ 26 ਜਨਵਰੀ ਤੱਕ ਬੰਦ ਰਹੀ ਸੀ। ਸੂਤਰਾਂ ਨੇ ਕਿਹਾ ਕਿ 26 ਜਨਵਰੀ ਨੂੰ ਹਿੰਸਾ ਦੌਰਾਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੁਰਾਤੱਤਵ ਵਿਭਾਗ ਨੇ ਲਾਲ ਕਿਲ੍ਹੇ ਦੇ ਗੇਟ ਬੰਦ ਕੀਤੇ ਹਨ। ਕੇਂਦਰੀ ਸੱਭਿਆਚਾਰਕ ਅਤੇ ਸੈਰ-ਸਪਾਟਾ ਮੰਤਰੀ ਪ੍ਰਹਲਾਦ ਪਟੇਲ ਨੇ ਇਸ ਤੋਂ ਪਹਿਲਾਂ ਕਿਲ੍ਹੇ ਦਾ ਦੌਰਾ ਕਰਕੇ ਵਿਭਾਗ ਤੋਂ ਰਿਪੋਰਟ ਮੰਗੀ ਸੀ। -ਪੀਟੀਆਈ