ਅਗਲੇ ਪੰਜ ਸਾਲਾਂ ’ਚ ਰਿਕਾਰਡ ਤੋੜੇਗੀ ਗਰਮੀ: UN Climate Forecast
ਸੰਯੁਕਤ ਰਾਸ਼ਟਰ ਦਾ ਨਵੇਂ ਜਲਵਾਯੂ ਅਨੁਮਾਨਾਂ ’ਚ ਦਾਅਵਾ; ਆਰਕਟਿਕ ਖੇਤਰ ’ਚ ਤਾਪਮਾਨ ਵਧਣ ਦੇ ਆਸਾਰ
ਸੰਯੁਕਤ ਰਾਸ਼ਟਰ ਦੇ ਨਵੇਂ ਜਲਵਾਯੂ ਅਨੁਮਾਨਾਂ ਮੁਤਾਬਕ ਗਰਮੀ ਅਗਲੇ ਪੰਜ ਸਾਲਾਂ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ। ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਇਸ ਅਰਸੇ ਦੌਰਾਨ ਧਰਤੀ ਸੁਰੱਖਿਅਤ ਮੰਨੀ ਜਾਂਦੀ ਕੌਮਾਂਤਰੀ ਜਲਵਾਯੂ ਸੀਮਾ ਨੂੰ ਵਾਰ-ਵਾਰ ਉਲੰਘੇ ਅਤੇ ਇਸ ਅਮਲ ਦੌਰਾਨ ਉਹ ਆਪਣੇ ਸਭ ਤੋਂ ਗਰਮ ਸਾਲ ਦੇ ਰਿਕਾਰਡ ਨੂੰ ਵੀ ਤੋੜ ਦੇਵੇ।
ਆਲਮੀ ਮੌਸਮ ਵਿਗਿਆਨ ਸੰਗਠਨ ਨੇ ਇਹ ਪੇਸ਼ੀਨਗੋਈ ਵੀ ਕੀਤੀ ਹੈ ਕਿ ਆਰਕਟਿਕ ਖੇਤਰ ਵਿੱਚ ਤਾਪਮਾਨ ਵਧੇਗਾ, ਜੋ ਹੁਣ ਤੋਂ ਲੈ ਕੇ 2030 ਦਰਮਿਆਨ ਲਗਪਗ ਤਿੰਨ ਡਿਗਰੀ ਫਾਰਨਹੀਟ (1.66 ਡਿਗਰੀ ਸੈਲਸੀਅਸ) ਤੱਕ ਗਰਮ ਹੋ ਜਾਵੇਗਾ। ਇਸ ਨਾਲ ਐਮੇਜ਼ਨ ਵਿੱਚ ਖ਼ਤਰਨਾਕ ਸੋਕਾ ਪੈ ਸਕਦਾ ਹੈ, ਜਿਸ ਕਰ ਕੇ ਜੰਗਲ ਵਿੱਚ ਅੱਗ ਲੱਗਣ ਦਾ ਖ਼ਦਸ਼ਾ ਹੈ। ਐਮੇਜ਼ਨ, ਧਰਤੀ ਦੀ ਉਨ੍ਹਾਂ ਕੁਦਰਤੀ ਸੁਰੱਖਿਆ ਪ੍ਰਣਾਲੀਆਂ ਦਾ ਅਹਿਮ ਹਿੱਸਾ ਹੈ, ਜੋ ਮਨੁੱਖਾਂ ਵੱਲੋਂ ਕੀਤੀ ਗਈ ਵਾਤਾਵਾਰਨ ਤਬਦੀਲੀ ਦੇ ਅਸਰ ਨੂੰ ਘਟਾਉਣ ਵਿੱਚ ਮਦਦਗਾਰ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਲਾ, ਤੇਲ ਤੇ ਗੈਸ ਦੇ ਜਲਣ ਨਾਲ ਦੁਨੀਆ ਦਾ ਤਾਪਮਾਨ ਵਧ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਹੁਣ ਮੌਸਮ ਹੋਰ ਵੀ ਗੰਭੀਰ ਰੂਪ ਧਾਰੇਗਾ- ਜਿਸ ਵਿੱਚ ਹੜ੍ਹ, ਸੋਕਾ ਅਤੇ ਲੂ ਵਰਗੇ ਹਾਲਾਤ ਸ਼ਾਮਲ ਹਨ।
ਸੰਯੁਕਤ ਰਾਸ਼ਟਰ ਦੀ ਵਾਤਾਵਰਨ ਏਜੰਸੀ ਤੇ ਯੂ ਕੇ ਦੇ ਮੌਸਮ ਵਿਭਾਗ ਦੇ ਅਨੁਮਾਨਾਂ ਮੁਤਾਬਕ ਇਸ ਗੱਲ ਦੀ 75 ਫ਼ੀਸਦ ਸੰਭਾਵਨਾ ਹੈ ਕਿ 2026 ਤੋਂ 2030 ਦਰਮਿਆਨ ਔਸਤ ਆਲਮੀ ਤਾਪਮਾਨ, ਸਨਅਤੀ ਕਾਲ ਤੋਂ ਪਹਿਲਾਂ ਦੇ ਸਮੇੇਂ ਦੇ ਮੁਕਾਬਲੇ 1.5 ਡਿਗਰੀ ਸੈਲਸੀਅਸ (2.7 ਡਿਗਰੀ ਫਾਰਨਹੀਟ) ਤੱਕ ਵੱਧ ਹੋ ਜਾਵੇ। ਇਹ ਹੱਦ, ਭਾਵ ਆਲਮੀ ਤਪਸ਼ ਦੀ ਇਹ ਤੈਅ ਸੀਮਾ, ਜਿਸ ਦੀ ਔਸਤ 20 ਸਾਲਾਂ ਦੇ ਅਧਾਰ ਉੱਤੇ ਕੱਢੀ ਜਾਂਦੀ ਹੈ, 2015 ਦੇ ਪੈਰਿਸ ਜਲਵਾਯੂ ਸਮਝੌਤੇ ਤਹਿਤ ਤੈਅ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਮੁਤਾਬਕ ਇਸ ਨਾਲ ਮੌਤ ਅਤੇ ਪ੍ਰਜਾਤੀਆਂ ਦੇ ਖ਼ਾਤਮੇ ਦਾ ਖ਼ਤਰਾ ਹੈ। ਭਾਵੇਂ ਤਾਪਮਾਨ ਵਿੱਚ ਤਬਦੀਲੀ ਕੁਝ ਡਿਗਰੀ ਤੱਕ ਹੀ ਹੋਵੇ, ਗ੍ਰਹਿ ’ਤੇ ਮੌਜੂਦ ਕੁਝ ਵਾਤਾਵਰਨ ਪ੍ਰਣਾਲੀਆਂ- ਜਿਵੇਂ ਕੋਰਲ ਅਤੇ ਗਲੇਸ਼ੀਅਰ- ਇਸ ਦਬਾਅ ਦਾ ਸਾਹਮਣਾ ਕਰਨ ਦੇ ਅਸਮਰੱਥ ਹਨ।

