ਨਵੀਂ ਦਿੱਲੀ, 4 ਜੂਨ
ਦੇਸ਼ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ ਕਰੋਨਾਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ 9,304 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ 260 ਹੋਰ ਲੋਕ ਕੋਵਿਡ-19 ਮਹਾਮਾਰੀ ਕਰਕੇ ਰੱਬ ਨੂੰ ਪਿਆਰੇ ਹੋ ਗਏ। ਕਰੋਨਾ ਪਾਜ਼ੇਟਿਵ ਕੇਸਾਂ ਵਿੱਚ ਰਿਕਾਰਡ ਵਾਧੇ ਨਾਲ ਬੁੱਧਵਾਰ ਤੋਂ ਅੱਜ ਸਵੇਰ ਤਕ ਕਰੋਨਾ ਪੀੜਤਾਂ ਦੀ ਗਿਣਤੀ 2,16,919 ਹੋ ਗਈ ਹੈ ਤੇ ਮੌਤਾਂ ਦਾ ਅੰਕੜਾ 6,075 ਨੂੰ ਅੱਪੜ ਗਿਆ ਹੈ। ਅਮੀਕਾ, ਬ੍ਰਾਜ਼ੀਲ, ਰੂਸ, ਬਰਤਾਨੀਆ, ਸਪੇਨ ਤੇ ਇਟਲੀ ਤੋਂ ਬਾਅਦ ਹੁਣ ਭਾਰਤ ਕਰੋਨਾ ਦੇ ਸਭ ਤੋਂ ਵੱਧ ਮਰੀਜ਼ਾਂ ਨਾਲ ਸੱਤਵੇਂ ਸਥਾਨ ’ਤੇ ਆ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਕਰੋਨਾਵਾਇਰਸ ਦੇ ਸਰਗਰਮ ਕੇਸਾਂ ਦੀ ਗਿਣਤੀ 1,06,737 ਹੈ ਤੇ ਹੁਣ ਤਕ 1,04,106 ਮਰੀਜ਼ ਸਿਹਤਯਾਬ ਹੋਣ ਮਗਰੋਂ ਹਸਪਤਾਲਾਂ ’ਚੋਂ ਡਿਸਚਾਰਜ ਕੀਤੇ ਜਾ ਚੁੱਕੇ ਹਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 47.99 ਫੀਸਦ ਦੇ ਕਰੀਬ ਮਰੀਜ਼ ਰੋਗ/ਲਾਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ। ਬੁੱਧਵਾਰ ਸਵੇਰ ਤੋਂ ਹੁਣ ਤਕ ਰਿਪੋਰਟ ਹੋਈਆਂ 260 ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 122, ਦਿੱਲੀ ’ਚ 50, ਗੁਜਰਾਤ 30, ਤਾਮਿਲ ਨਾਡੂ 11, ਪੱਛਮੀ ਬੰਗਾਲ 10, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਤਿਲੰਗਾਨਾ ’ਚ 7-7, ਰਾਜਸਥਾਨ ’ਚ 6, ਆਂਧਰਾ ਪ੍ਰਦੇਸ਼ 4 ਅਤੇ ਬਿਹਾਰ, ਛੱਤੀਸਗੜ੍ਹ, ਜੰਮੂ ਤੇ ਕਸ਼ਮੀਰ, ਕਰਨਾਟਕ, ਪੰਜਾਬ ਤੇ ਉੱਤਰਾਖੰਡ ’ਚ ਇਕ ਇਕ ਮਰੀਜ਼ ਕਰੋਨਾ ਕਰਕੇ ਦਮ ਤੋੜ ਗਿਆ ਹੈ। -ਪੀਟੀਆਈ
ਸਿਹਤ ਮੰਤਰਾਲੇ ਵੱਲੋਂ ਸਟਾਫ਼ ਲਈ ਐਡਵਾਈਜ਼ਰੀ ਜਾਰੀ
ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਆਪਣੇ ਕਈ ਅਧਿਕਾਰੀਆਂ ਦੇ ਕਰੋਨਾ ਪਾਜ਼ੇਟਿਵ ਨਿਕਲਣ ਮਗਰੋਂ ਇਕ ਮੈਮੋਰੰਡਮ ਜਾਰੀ ਕਰਦਿਆਂ ਸਾਰੇ ਸਟਾਫ਼ ਮੈਂਬਰਾਂ ਨੂੰ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਹਤਿਆਤੀ ਕਦਮਾਂ ਦੀ ‘ਸਖ਼ਤੀ’ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਲੰਘੇ ਦਿਨ ਜਾਰੀ ਯਾਦ ਪੱਤਰ ਵਿੱਚ ਮੰਤਰਾਲੇ ਨੇ ਕਿਹਾ ਕਿ ਉਸ ਦੇ ਧਿਆਨ ਵਿੱਚ ਆਇਆ ਹੈ ਕਿ ਦਫ਼ਤਰੀ ਅਹਾਤੇ (ਨਿਰਮਾਣ ਭਵਨ) ਵਿੱਚ ਸਮਾਜਿਕ ਦੂਰੀ ਨੇਮਾਂ ਦੀ ਪਾਲਣਾ ਨਹੀਂ ਹੋ ਰਹੀ। ਮੰਤਰਾਲੇ ਨੇ ਇਹਤਿਆਤ ਵਜੋਂ ਚੁੱਕੇ ਜਾਣ ਵਾਲੇ ਕਦਮਾਂ ਦੀ ਇਕ ਸੂਚੀ ਜਾਰੀ ਕਰਦਿਆਂ ਕਿਹਾ ਕਿ ਸਾਰੇ ਮੁਲਾਜ਼ਮਾਂ ਲਈ ਮਾਸਕ ਪਾਉਣਾ ਲਾਜ਼ਮੀ ਹੈ ਤੇ ਸਿਰਫ਼ ਅਜਿਹੇ ਵਿਅਕਤੀ ਨੂੰ ਦਫ਼ਤਰ ਆਉਣ ਦੀ ਖੁੱਲ੍ਹ ਹੋਵੇਗੀ, ਜਿਨ੍ਹਾਂ ਵਿੱਚ ਕੋਵਿਡ-19 ਦੇ ਕੋਈ ਲੱਛਣ ਨਹੀਂ ਹਨ। ਸਟਾਫ਼ ਮੈਂਬਰ ਸਮਾਜਿਕ ਦੂਰੀ ਨੇਮਾਂ ਦੀ ਲਾਜ਼ਮੀ ਪਾਲਣਾ ਕਰਨਗੇ। ਸਾਰੀਆਂ ਮੀਟਿੰਗਾਂ ਤੇ ਕਾਨਫਰੰਸਾਂ ਆਨਲਾਈਨ ਹੋਣਗੀਆਂ ਤੇ ਹੰਗਾਮੀ ਹਾਲਾਤ ਵਿੱਚ ਘਰੋਂ ਕੰਮ ਕਰਨ ਦੀ ਖੁੱਲ੍ਹ ਹੋਵੇਗੀ। -ਪੀਟੀਆਈ