ਨਵੀਂ ਦਿੱਲੀ, 3 ਜੂਨ
ਲੌਕਡਾਊਨ ਦੇ ਪੰਜਵੇਂ ਗੇੜ, ਜਿਸ ਨੂੰ ਸਰਕਾਰ ਨੇ ‘ਅਨਲੌਕ-1’ ਦਾ ਨਾਮ ਦਿੱਤਾ ਹੈ, ਦੇ ਤੀਜੇ ਦਿਨ ਰਿਕਾਰਡ 8909 ਨਵੇਂ ਕੇਸਾਂ ਨਾਲ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਦੋ ਲੱਖ ਦੇ ਅੰਕੜੇ ਨੂੰ ਪਾਰ ਪਾਉਂਦਿਆਂ 2,07,615 ਹੋ ਗਈ ਹੈ। ਉਂਜ ਇਹ ਲਗਾਤਾਰ ਚੌਥਾ ਦਿਨ ਹੈ ਜਦੋਂ 8000 ਤੋਂ ਵੱਧ ਕਰੋਨਾ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ 217 ਹੋਰ ਮੌਤਾਂ ਨਾਲ ਕਰੋਨਾ ਅੱਗੇ ਗੋਡੇ ਟੇਕਣ ਵਾਲਿਆਂ ਦਾ ਅੰਕੜਾ ਵੱਧ ਕੇ 5815 ਨੂੰ ਅੱਪੜ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਕਰੋਨਾਵਾਇਰਸ ਦੀ ਲਾਗ ਨਾਲ ਪੀੜਤ ਸਰਗਰਮ ਕੇਸਾਂ ਦੀ ਗਿਣਤੀ 1,01,497 ਹੈ ਜਦੋਂਕਿ ਵਾਇਰਸ ਨੂੰ ਮਾਤ ਦਿੰਦਿਆਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੀ ਇਕ ਲੱਖ (1,00,302) ਨੂੰ ਟੱਪ ਗਈ ਹੈ। ਹੁਣ ਤਕ 48.31 ਫੀਸਦ ਮਰੀਜ਼ ਰੋਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ। ਮੰਗਲਵਾਰ ਤੋਂ ਹੁਣ ਤਕ ਰਿਪੋਰਟ ਹੋਈਆਂ 217 ਹੋਰ ਮੌਤਾਂ ’ਚੋਂ ਮਹਾਰਾਸ਼ਟਰ ’ਚ 103, ਦਿੱਲੀ ’ਚ 33, ਗੁਜਰਾਤ 29, ਤਾਮਿਲ ਨਾਡੂ 13 ਤੇ ਪੱੱਛਮੀ ਬੰਗਾਲ ’ਚ 10 ਵਿਅਕਤੀ ਦਮ ਤੋੜ ਗਏ। ਮੱਧ ਪ੍ਰਦੇਸ਼ ’ਚ 6, ਰਾਜਸਥਾਨ ਤੇ ਉੱਤਰ ਪ੍ਰਦੇਸ਼ ’ਚ 5-5, ਤਿਲੰਗਾਨਾ ’ਚ 4, ਹਰਿਆਣਾ ਤੇ ਜੰਮੂ ਕਸ਼ਮੀਰ ’ਚ 2-2 ਅਤੇ ਕੇਰਲਾ, ਚੰਡੀਗੜ੍ਹ, ਲੱਦਾਖ਼, ਪੰਜਾਬ ਤੇ ਉੱਤਰਾਖੰਡ ’ਚ ਇਕ ਇਕ ਵਿਅਕਤੀ ਕਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰ ਗਿਆ।
-ਪੀਟੀਆਈ
ਭਾਰਤ ’ਚ ਕੋਵਿਡ ਟੈਸਟਾਂ ਦੀ ਗਿਣਤੀ 40 ਲੱਖ ਦੇ ਪਾਰ
ਨਵੀਂ ਦਿੱਲੀ: ਕੋਵਿਡ-19 ਦੀ ਸ਼ਨਾਖ਼ਤ ਲਈ ਕੀਤੇ ਜਾ ਰਹੇ ਆਰਟੀ-ਪੀਸੀਆਰ ਟੈਸਟਾਂ ਦੀ ਗਿਣਤੀ ਅੱਜ ਸਵੇਰੇ 40 ਲੱਖ ਦੇ ਅੰਕੜੇ ਨੂੰ ਟੱਪ ਗਈ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਜ ਸਵੇਰੇ 9 ਵਜੇ ਤਕ ਕੁੱਲ ਮਿਲਾ ਕੇ 41,03,233 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਮੰਗਲਵਾਰ ਤੋਂ ਹੁਣ ਤਕ 1,37,158 ਨਮੂਨਿਆਂ ਦੀ ਟੈਸਟਿੰਗ ਕੀਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਟੈਸਟਿੰਗ ਸਮਰੱਥਾ ਵਧ ਕੇ 1.4 ਲੱਖ ਟੈਸਟ ਪ੍ਰਤੀ ਦਿਨ ਹੋ ਗਈ ਹੈ। ਇਹ ਟੈਸਟ 480 ਸਰਕਾਰੀ ਤੇ 208 ਨਿੱਜੀ ਲੈਬਾਰਟਰੀਆਂ ਰਾਹੀਂ ਕੀਤੇ ਜਾ ਰਹੇ ਹਨ।
-ਪੀਟੀਆਈ