ਨਵੀਂ ਦਿੱਲੀ, 10 ਸਤੰਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਕਤੂਬਰ ਤੱਕ ਅੰਤਰ ਬੈਂਕ ਉਧਾਰੀ ਜਾਂ ਕਾਲ ਮਨੀ ਮਾਰਕੀਟ ’ਚ ਲੈਣ-ਦੇਣ ਲਈ ਅਜ਼ਮਾਇਸ਼ੀ ਤੌਰ ’ਤੇ ਡਿਜੀਟਲ ਰੁਪਏ ਦੀ ਸ਼ੁਰੂਆਤ ਕਰ ਸਕਦਾ ਹੈ। ਕੇਂਦਰੀ ਬੈਂਕ ਦੇ ਕਾਰਜਕਾਰੀ ਡਾਇਰੈਕਟਰ ਅਜੈ ਕੁਮਾਰ ਚੌਧਰੀ ਨੇ ਅੱਜ ਇਹ ਗੱਲ ਕਹੀ।
ਥੋਕ ਕੇਂਦਰੀ ਬੈਂਕ ਡਿਜੀਟਲ ਮੁਦਰਾ (ਸੀਬੀਡੀਸੀ), ਜਿਸ ਨੂੰ ਡਿਜੀਟਲ ਰੁਪਿਆ-ਥੋਕ (ਈ-ਡਬਲਯੂ) ਵਜੋਂ ਜਾਣਿਆ ਜਾਂਦਾ ਹੈ, ਦੀ ਸ਼ੁਰੂਆਤ ਪਿਛਲੇ ਸਾਲ ਪਹਿਲੀ ਨਵੰਬਰ ਨੂੰ ਹੋਈ ਸੀ। ਸ੍ਰੀ ਚੌਧਰੀ ਨੇ ਇੱਥੇ ਜੀ-20 ਆਗੂਆਂ ਦੇ ਸਿਖਰ ਸੰਮੇਲਨ ਮੌਕੇ ਕਿਹਾ, ‘ਰਿਜ਼ਰਵ ਬੈਂਚ ਇਸ ਮਹੀਨੇ ਜਾਂ ਅਗਲੇ ਮਹੀਨੇ ਕਾਲ ਮਨੀ ਮਾਰਕੀਟ ਵਿੱਚ ਥੋਕ ਸੀਬੀਡੀਸੀ ਦੀ ਪੇਸ਼ਕਸ਼ ਕਰੇਗਾ।’ ਆਰਬੀਆਈ ਨੇ ਥੋਕ ਸੀਬੀਡੀਸੀ ਦੇ ਆਪਣੇ ਅਜ਼ਮਾਇਸ਼ੀ ਪ੍ਰਾਜੈਕਟ ਲਈ ਨੌਂ ਬੈਂਕਾਂ ਦੀ ਚੋਣ ਕੀਤੀ ਹੈ। -ਪੀਟੀਆਈ