ਮੁੰਬਈ, 25 ਜੁਲਾਈ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਹੈ ਕਿ ਪੈਗਾਸਸ ਵੱਲੋਂ ਸਿਆਸਤਦਾਨਾਂ ਅਤੇ ਪੱਤਰਕਾਰਾਂ ਖ਼ਿਲਾਫ਼ ਕਰਵਾਈ ਗਈ ਕਥਿਤ ਜਾਸੂਸੀ ਲਈ ਕਿਸ ਨੇ ਪੈਸੇ ਦਿੱਤੇ ਸਨ। ਉਨ੍ਹਾਂ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਜ਼ਰਾਇਲੀ ਕੰਪਨੀ ਐੱਨਐੱਸਓ ਨੇ ਪੈਗਾਸਸ ਸਾਫ਼ਟਵੇਅਰ ਲਈ ਲਾਇਸੈਂਸ ਵਜੋਂ ਸਾਲਾਨਾ 60 ਕਰੋੜ ਰੁਪਏ ਲਏ ਸਨ। ਉਨ੍ਹਾਂ ਜਾਸੂਸੀ ਕਾਂਡ ਦੀ ਤੁਲਨਾ ਹੀਰੋਸ਼ੀਮਾ ’ਤੇ ਡੇਗੇ ਗਏ ਬੰਬ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਪਾਨੀ ਸ਼ਹਿਰ ’ਤੇ ਹਮਲੇ ਨਾਲ ਲੋਕਾਂ ਦੀ ਮੌਤ ਹੋਈ ਸੀ ਅਤੇ ਇਜ਼ਰਾਇਲੀ ਸਾਫ਼ਟਵੇਅਰ ਰਾਹੀਂ ਜਾਸੂਸੀ ਕਰਾਉਣ ਨਾਲ ‘ਆਜ਼ਾਦੀ ਦੀ ਮੌਤ’ ਹੋਈ ਹੈ। ਸ਼ਿਵ ਸੈਨਾ ਦੇ ਰਸਾਲੇ ‘ਸਾਮਨਾ’ ’ਚ ਲਿਖੇ ਹਫ਼ਤਾਵਾਰੀ ਲੇਖ ’ਚ ਰਾਊਤ ਨੇ ਕਿਹਾ,‘‘ਆਧੁਨਿਕ ਤਕਨਾਲੋਜੀ ਸਾਨੂੰ ਮੁੜ ਗੁਲਾਮੀ ਵੱਲ ਲੈ ਗਈ ਹੈ।’’ ਰਾਊਤ ਨੇ ਕਿਹਾ ਕਿ ਸਿਆਸਤਦਾਨਾਂ, ਸਨਅਤਕਾਰਾਂ ਅਤੇ ਸਮਾਜਿਕ ਕਾਰਕੁਨਾਂ ’ਚ ਡਰ ਪੈਦਾ ਹੋ ਗਿਆ ਹੈ ਕਿ ਉਨ੍ਹਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ ਅਤੇ ਨਿਆਂਪਾਲਿਕਾ ਤੇ ਮੀਡੀਆ ਵੀ ਇਸੇ ਦਬਾਅ ਹੇਠ ਹਨ। ਲੇਖ ’ਚ ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ’ਚ ਆਜ਼ਾਦੀ ਦਾ ਮਾਹੌਲ ਕੁਝ ਸਾਲ ਪਹਿਲਾਂ ਹੀ ਖ਼ਤਮ ਹੋ ਗਿਆ ਸੀ। ਰਾਜ ਸਭਾ ਮੈਂਬਰ ਨੇ ਕਿਹਾ ਕਿ ਇਕ ਲਾਇਸੈਂਸ ਰਾਹੀਂ 50 ਫੋਨ ਹੈਕ ਕੀਤੇ ਜਾ ਸਕਦੇ ਹਨ ਅਤੇ 300 ਫੋਨ ਟੇਪ ਕਰਨ ਲਈ ਛੇ ਤੋਂ ਸੱਤ ਲਾਇਸੈਂਸ ਚਾਹੀਦੇ ਹਨ। ‘ਭਾਰਤ ’ਚ 300 ਵਿਅਕਤੀਆਂ ਦੀ ਜਾਸੂਸੀ ਲਈ 300 ਕਰੋੜ ਰੁਪਏ ਖ਼ਰਚੇ ਗਏ। ਕੀ ਮੁਲਕ ਜਾਸੂਸੀ ਲਈ ਇੰਨੀ ਰਕਮ ਖ਼ਰਚ ਕਰ ਸਕਦਾ ਹੈ। ਐੱਨਐੱਸਓ ਮੁਤਾਬਕ ਉਹ ਆਪਣਾ ਸਾਫ਼ਟਵੇਅਰ ਸਿਰਫ਼ ਸਰਕਾਰਾਂ ਨੂੰ ਹੀ ਵੇਚਦਾ ਹੈ ਤਾਂ ਫਿਰ ਭਾਰਤ ’ਚ ਕਿਹੜੀ ਸਰਕਾਰ ਨੇ ਇਹ ਸਾਫ਼ਟਵੇਅਰ ਖ਼ਰੀਦਿਆ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਆਗੂ ਅਤੇ ਸਾਬਕਾ ਆਈਟੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਜਾਸੂਸੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਹੈ ਕਿ 45 ਮੁਲਕਾਂ ਨੇ ਪੈਗਾਸਸ ਦੀ ਵਰਤੋਂ ਕੀਤੀ ਹੈ। -ਪੀਟੀਆਈ