ਪੁੱਡੂਚੇਰੀ, 7 ਮਈ
ਏਆਈਐੱਨਆਰਸੀ ਆਗੂ ਐੱਨ ਰੰਗਾਸਾਮੀ ਨੇ ਅੱਜ ਇੱਥੇ ਰਾਜ ਨਿਵਾਸ ’ਚ ਹੋਏ ਸੰਖੇਪ ਸਮਾਗਮ ’ਚ ਪੁੱਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਪ ਰਾਜਪਾਲ ਤਾਮਿਲਸਾਈ ਸੌਂਦਰਰਾਜਨ ਨੇ ਰੰਗਾਸਾਮੀ ਨੂੰ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਵਾਈ। ਰੰਗਾਸਾਮੀ ਚੌਥੀ ਵਾਰ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਭਗਵਾਨ ਨੂੰ ਹਾਜ਼ਰ-ਨਾਜ਼ਰ ਜਾਣ ਕੇ ਤਾਮਿਲ ਭਾਸ਼ਾ ’ਚ ਸਹੁੰ ਚੁੱਕੀ। ਉਹ ਐੱਨਡੀਏ ਸਰਕਾਰ ਦੀ ਅਗਵਾਈ ਕਰਨਗੇ ਜਿਸ ’ਚ ਏਆਈਐੱਨਆਰਸੀ ਤੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੈ। ਏਆਈਐੱਨਆਰਸੀ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਤੇ ਭਾਜਪਾ ਦੇ ਕੁਝ ਮੰਤਰੀਆਂ ਨੂੰ ਅਗਲੇ ਕੁਝ ਦਿਨਾਂ ਅੰਦਰ ਸਹੁੰ ਚੁਕਵਾਈ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਸਕੱਤਰ ਅਸ਼ਿਵਨ ਕੁਮਾਰ ਨੇ ਰੰਗਾਸਾਮੀ ਨੂੰ ਮੁੱਖ ਮੰਤਰੀ ਨਿਯੁਕਤ ਕਰਨ ਸਬੰਧੀ ਰਾਸ਼ਟਰਪਤੀ ਦਾ ਨੋਟੀਫਿਕੇਸ਼ਨ ਪੜ੍ਹਿਆ। ਇਸ ਸਮਾਗਮ ਬਾਅਦ ਦੁਪਹਿਰ 1.20 ਵਜੇ ਸ਼ੁਰੂ ਹੋਇਆ ਅਤੇ ਸਿਰਫ਼ ਪੰਜ ਮਿੰਟ ਚੱਲਿਆ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲ ਇੰਡੀਆ ਐੱਨਆਰ ਕਾਂਗਰਸ ਦੇ ਨੇਤਾ ਐੱਨ ਰੰਗਾਸਾਮੀ ਨੂੰ ਪੁੱਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਵਧਾਈ ਦਿੱਤੀ ਤੇ ਨਵੇਂ ਕਾਰਜਕਾਲ ਲਈ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਟਵੀਟ ਕੀਤਾ, ‘ਪੁੱਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਮੈਂ ਐਨ ਰੰਗਾਸਾਮੀ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਦੇ ਕਾਰਜਕਾਲ ਲਈ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ।’ -ਪੀਟੀਆਈ