ਨਵੀਂ ਦਿੱਲੀ, 4 ਅਗਸਤ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਉਮੀਦ ਜ਼ਾਹਿਰ ਕੀਤੀ ਕਿ ਅਯੁੱਧਿਆ ’ਚ ਰਾਮ ਮੰਦਿਰ ਸਬੰਧੀ ਜੋ ਸਮਾਗਮ ਹੋਣ ਜਾ ਰਿਹਾ ਹੈ, ਉਹ ਕੌਮੀ ਏਕਤਾ, ਭਾਈਚਾਰੇ ਤੇ ਸੱਭਿਆਚਾਰਕ ਸਾਂਝ ਦੀ ਵੱਡੀ ਮਿਸਾਲ ਬਣੇਗਾ। ਰਾਮ ਮੰਦਿਰ ਭੂਮੀ ਪੂਜਾ ਸਮਾਗਮ ਸਬੰਧੀ ਉਨ੍ਹਾਂ ਕਿਹਾ ਕਿ ਭਗਵਾਨ ਰਾਮ ਸਦੀਆਂ ਤੋਂ ਭਾਰਤੀ ਉਪ ਮਹਾਦੀਪ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਰਹੇ ਹਨ। ਉਨ੍ਹਾਂ ਕਿਹਾ, ‘ਰਾਮਾਇਣ ਨੇ ਭਾਰਤੀ ਉੱਪ ਮਹਾਦੀਪ ਸਮੇਤ ਸਾਰੀ ਦੁਨੀਆਂ ਦੀਆਂ ਸੱਭਿਅਤਾਵਾਂ ’ਤੇ ਵੱਡਾ ਪ੍ਰਭਾਵ ਪਾਇਆ ਹੈ। ਸਦੀਆਂ ਤੋਂ ਭਗਵਾਨ ਰਾਮ ਦੇ ਕਿਰਦਾਰ ਨੇ ਭਾਰਤੀ ਲੋਕਾਂ ਦੀ ਮਦਦ ਕੀਤੀ ਹੈ। ਭਗਵਾਨ ਰਾਮ ਦਾ ਸਬੰਧ ਹਰ ਕਿਸੇ ਨਾਲ ਹੈ। ਭਗਵਾਨ ਰਾਮ ਹਰ ਕਿਸੇ ਦਾ ਭਲਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ ਹੈ।’ ਉਨ੍ਹਾਂ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਲਈ ਨੀਂਹ ਪੱਥਰ ਰੱਖਣ ਸਬੰਧੀ ਸਮਾਗਮ ਭਲਕੇ 5 ਅਗਸਤ ਨੂੰ ਅਯੁੱਧਿਆ ’ਚ ਹੋਣ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਗਵਾਨ ਰਾਮ ਦੇ ਆਸ਼ੀਰਵਾਦ ਨਾਲ ਇਹ ਸਮਾਗਮ ਦੇਸ਼ ਦੀ ਕੌਮੀ ਏਕਤਾ, ਭਾਈਚਾਰੇ ਅਤੇ ਸੱਭਿਆਚਾਰਕ ਸਾਂਝ ਲਈ ਮੀਲ ਪੱਥਰ ਸਾਬਤ ਹੋਵੇਗਾ।