Ram Mandir Donation Case: ‘ਸਿਟ’ ਦੀ ਅੰਤਿਮ ਰਿਪੋਰਟ ਮਗਰੋਂ ਦੋਸ਼ਾਂ ਦਾ ਜਵਾਬ ਦੇਵਾਂਗਾ: ਚੰਪਤ ਰਾਏ
ਕੋਰਟ ਨੇ ਤਿੰਨ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਭੇਜਿਆ
ਰਾਮ ਮੰਦਰ ਟਰੱਸਟ ਦੇ ਸਾਬਕਾ ਮੁਖੀ ਚੰਪਤ ਰਾਏ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਚੜ੍ਹਾਵੇ ’ਚ ਹੇਰਾਫੇਰੀ ਦੇ ਦੋਸ਼ਾਂ ਸਬੰਧੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਅੰਤਿਮ ਰਿਪੋਰਟ ਸੌਂਪਣ ਤੋਂ ਬਾਅਦ ਹੀ ਆਪਣਾ ਜਵਾਬ ਦੇਣਗੇ। ਸਥਾਨਕ ਕੋਰਟ ਨੇ ਹੁਣ ਤੱਕ ਗ੍ਰਿਫ਼ਤਾਰ ਕੀਤੇ ਅੱਠ ਮੁਲਜ਼ਮਾਂ ’ਚੋਂ ਤਿੰਨ ਜਣਿਆਂ ਅਨੁਕਲਪ ਮਿਸ਼ਰਾ, ਲਵਕੁਸ਼ ਮਿਸ਼ਰਾ ਤੇ ਕਰੁਨੇਸ਼ ਪਾਂਡੇ ਨੂੰ ਇਕ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉੱਧਰ, ਟਰੱਸਟ ਦੇ ਖ਼ਜ਼ਾਨਚੀ ਗੋਵਿੰਦ ਗਿਰੀ ਨੇ ਕਿਹਾ ਕਿ ਅਸਤੀਫ਼ੇ ਪ੍ਰਵਾਨ ਕੀਤੇ ਜਾਣ ਮਗਰੋਂ ਚੰਪਤ ਰਾਏ ਤੇ ਅਨਿਲ ਮਿਸ਼ਰਾ ਹੁਣ ਟਰੱਸਟ ਦੇ ਮੈਂਬਰ ਨਹੀਂ ਰਹੇ ਤੇ ਗੋਪਾਲ ਰਾਓ ਨੂੰ ਟਰੱਸਟ ਦੇ ਸਪੈਸ਼ਲ ਇਨਵਾਇਟੀ ਮੈਂਬਰਾਂ ਵਾਲੀ ਸੂਚੀ ’ਚੋਂ ਲਾਂਭੇ ਕਰ ਦਿੱਤਾ ਹੈ।
ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਨੇ ‘ਰਾਮ ਭਗਤਾਂ’ ਨੂੰ ਮੁਖਾਤਬ ਹੱਥ ਲਿਖਤ ਪੱਤਰ ਵਿੱਚ ਆਪਣੇ ਖਿਲਾਫ਼ ਲੱਗੇ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸਿਆ ਹੈ। ਰਾਏ ਨੇ ਕਿਹਾ ਕਿ ਉਨ੍ਹਾਂ ਦੋਸ਼ਾਂ ਸਬੰਧੀ ਹਾਲ ਦੀ ਘੜੀ ਮੌਨ ਧਾਰਿਆ ਹੋਇਆ ਹੈ ਤੇ ‘ਸਿਟ’ ਇਕ ਵਾਰ ਆਪਣੀ ਅੰਤਿਮ ਰਿਪੋਰਟ ਟਰੱਸਟ ਨੂੰ ਸੌਂਪ ਦੇੇੇਵੇ, ਉਸ ਮਗਰੋਂ ਉਹ ਨੁਕਤਾ ਦਰ ਨੁਕਤਾ ਜਵਾਬ ਦੇਣਗੇ ਤੇ ਸਾਰੀ ਸੱਚਾਈ ਲੋਕਾਂ ਸਾਹਮਣੇ ਆ ਜਾਵੇਗੀ। ਚੜ੍ਹਾਵੇ ’ਚ ਹੇਰਾਫੇਰੀ ਦਾ ਮਾਮਲਾ 7 ਜੂਨ ਨੂੰ ਸਾਹਮਣੇ ਆਇਆ ਸੀ। ਮੰਦਰ ਦੇ ਚੜ੍ਹਾਵੇ ਦੀ ਗਿਣਤੀ ਨਾਲ ਜੁੜੇ ਅੱਠ ਵਿਅਕਤੀਆਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਇਸ ਵੇਲੇ 14 ਦਿਨਾ ਨਿਆਂਇਕ ਹਿਰਾਸਤ ’ਚ ਹਨ।
ਪੁਲੀਸ ਪੰਜ ਹੋਰਨਾਂ (ਅਵਿਨਾਸ਼ ਸ਼ੁਕਲਾ, ਮਨੀਸ਼ ਕੁਮਾਰ ਯਾਦਵ, ਰਾਮ ਸ਼ੰਕਰ ਮਿਸ਼ਰਾ, ਸੁਭਾਸ਼ ਸ੍ਰੀਵਾਸਤਵਾ ਤੇ ਰਮਾ ਸ਼ੰਕਰ ਉਰਫ਼ ਟੀਨੂ) ਦੀ ਪੁੱਛਗਿੱਛ ਦੌਰਾਨ ਇਕੱਤਰ ਸਬੂਤਾਂ ਦੇ ਅਧਾਰ ’ਤੇ ਉਪਰੋਕਤ ਤਿੰਨਾਂ ਕੋਲੋਂ ਹਿਰਾਸਤੀ ਪੁੱਛ ਪੜਤਾਲ ਕਰੇਗੀ। ਮੁੱਢਲੀ ਜਾਂਚ ਮੁਤਾਬਕ ਮੁਲਜ਼ਮਾਂ ਨੇ ਮੰਦਰ ਦੀ ਦਾਨ ਪ੍ਰਬੰਧਨ ਪ੍ਰਣਾਲੀ ਵਿੱਚ ਕਥਿਤ ਸੁਰੱਖਿਆ ਕਮੀਆਂ ਦਾ ਫਾਇਦਾ ਉਠਾਇਆ।
ਭਾਜਪਾ-ਆਰ ਐੱਸ ਐੱਸ ‘ਪਰਦਾਪੋਸ਼ੀ’ ’ਚ ਲੱਗੇ: ਕਾਂਗਰਸ
ਨਵੀਂ ਦਿੱਲੀ/ਲਖਨਊ: ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਤੇ ਆਰ ਐੱਸ ਐੱਸ ਵੱਲੋਂ ਇਸ ਪੂਰੇ ਮਾਮਲੇ ’ਚ ‘ਅਸਲ ਦੋਸ਼ੀਆਂ’ ਨੂੰ ਬਚਾਉਣ ਲਈ ‘ਪਰਦਾਪੋਸ਼ੀ’ ਕੀਤੀ ਜਾ ਰਹੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੰਗ ਕੀਤੀ ਕਿ ਸਾਰੇ ਚੜ੍ਹਾਵਿਆਂ ਦੇ ਵੇਰਵੇ ਜਨਤਕ ਕੀਤੇ ਜਾਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪੂਰੇ ਮਾਮਲੇ ’ਚ ਆਪਣੀ ‘ਖਾਮੋਸ਼ੀ’ ਤੋੜਨ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਚੜ੍ਹਾਵਾ ਚੋਰਾਂ’ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਬੇਨਿਯਮੀਆਂ ਦੇ ਦੋਸ਼ ਬਹੁਤ ਗੰਭੀਰ ਹਨ। ਚੋਰੀ ਹੋਈ ਤਾਂ ਐੱਫ ਆਈ ਆਰ ਦਰਜ ਹੋਈ ਤੇ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ... ਐੱਫ ਆਈ ਆਰ ਕਾਫ਼ੀ ਨਹੀਂ। ਉਧਰ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਟਰੱਸਟ ਦੇ ਸਿਖਰਲੇ ਪ੍ਰਬੰਧਨ ਦੀ ਭੂਮਿਕਾ ਦੀ ਵੀ ਜਾਂਚ ਹੋਵੇ। ਤ੍ਰਿਣਮੂਲ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ। -ਪੀਟੀਆਈ
ਰਾਮ ਮੰਦਰ: ‘ਕਾਂਗਰਸ ਸਰਕਾਰ ਵੇਲੇ ਚੋਰੀ ਹੁੰਦੀ ਤਾਂ ਭਾਜਪਾ ਦੇਸ਼ ਨੂੰ ਅੱਗ ਲਾ ਦਿੰਦੀ’
ਸ਼ਿਮਲਾ: ਹਿਮਾਚਲ ਪ੍ਰਦੇਸ਼ ਸਰਕਾਰ ’ਚ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਰਾਮ ਮੰਦਰ ਦੇ ਚੜ੍ਹਾਵੇ ’ਚ ਚੋਰੀ ਦਾ ਮਾਮਲਾ ਜੇ ਕਾਂਗਰਸ ਸਰਕਾਰ ਵੇਲੇ ਸਾਹਮਣੇ ਆਉਂਦਾ ਤਾਂ ਭਾਜਪਾ ਨੇ ਪੂਰੇ ਦੇਸ਼ ਵਿੱਚ ਅੱਗ ਲਾ ਦੇਣੀ ਸੀ। ਕਾਂਗਰਸ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਲੋਕ ਭਗਵਾਨ ਰਾਮ ਦੇ ਨਾਮ ’ਤੇ ਸਿਆਸਤ ਕਰਦੇ ਹਨ, ਉਹ ਇਸ ਮਾਮਲੇ ’ਤੇ ਚੁੱਪ ਹਨ। ਉਨ੍ਹਾਂ ਇਸ ਮੁੱਦੇ ਨੂੰ ਲੋਕਾਂ ਸਾਹਮਣੇ ਲਿਜਾਣ ਦਾ ਪ੍ਰਣ ਲਿਆ ਹੈ। -ਪੀਟੀਆਈ
