Rajnath Singh Indo-Pacific vision ਰਾਜਨਾਥ ਵੱਲੋਂ ਸ਼ਾਂਤੀਪੂਰਨ ਵਿਕਾਸ ਦੇ ਰਾਹ ’ਤੇ ਚੱਲਣ ਦੀ ਵਕਾਲਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਅਜਿਹੇ ਹਿੰਦ-ਪ੍ਰਸ਼ਾਂਤ ਖੇਤਰ ਦੀ ਕਲਪਨਾ ਕਰਦਾ ਹੈ ਜਿੱਥੇ ਸਾਰੇ ਛੋਟੇ-ਵੱਡੇ ਦੇਸ਼ ਆਪਣੇ ਫ਼ੈਸਲੇ ਆਪ ਕਰਨ, ਹਿੱਤਾਂ ਦੀ ਰਾਖੀ ਕਰਨ ਅਤੇ ਸ਼ਾਂਤੀਪੂਰਨ ਵਿਕਾਸ ਦੇ ਰਾਹ ’ਤੇ ਚੱਲਣ। ‘ਆਸੀਆਨ-ਇੰਡੀਆ ਡਿਫੈਂਸ ਥਿੰਕ ਟੈਂਕ ਫੋਰਮ’...
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਅਜਿਹੇ ਹਿੰਦ-ਪ੍ਰਸ਼ਾਂਤ ਖੇਤਰ ਦੀ ਕਲਪਨਾ ਕਰਦਾ ਹੈ ਜਿੱਥੇ ਸਾਰੇ ਛੋਟੇ-ਵੱਡੇ ਦੇਸ਼ ਆਪਣੇ ਫ਼ੈਸਲੇ ਆਪ ਕਰਨ, ਹਿੱਤਾਂ ਦੀ ਰਾਖੀ ਕਰਨ ਅਤੇ ਸ਼ਾਂਤੀਪੂਰਨ ਵਿਕਾਸ ਦੇ ਰਾਹ ’ਤੇ ਚੱਲਣ। ‘ਆਸੀਆਨ-ਇੰਡੀਆ ਡਿਫੈਂਸ ਥਿੰਕ ਟੈਂਕ ਫੋਰਮ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਅਤੇ 10 ਦੇਸ਼ਾਂ ਦੇ ਗਰੁੱਪ ਆਸੀਆਨ ਦਾ ਹਿੰਦ-ਪ੍ਰਸ਼ਾਂਤ ਖੇਤਰ ਨੂੰ ਖੁੱਲ੍ਹਾ, ਸਥਿਰ ਅਤੇ ਸਭ ਦੀ ਸ਼ਮੂਲੀਅਤ ਵਾਲਾ ਬਣਾਉਣ ਵਿੱਚ ਸਾਂਝਾ ਹਿੱਤ ਹੈ। ਉਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਨ, ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਮਤਭੇਦਾਂ ਨੂੰ ਵਿਵਾਦ ਬਣਨ ਤੋਂ ਪਹਿਲਾਂ ਗੱਲਬਾਤ ਰਾਹੀਂ ਹੱਲ ਕਰਨ ਦਾ ਸੱਦਾ ਦਿੱਤਾ।
ਚੀਨ ਦੇ ਵਧਦੇ ਫ਼ੌਜੀ ਦਬਦਬੇ ਬਾਰੇ ਆਲਮੀ ਚਿੰਤਾਵਾਂ ਵਿਚਾਲੇ ਉਨ੍ਹਾਂ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਵੀ ਜ਼ੋਰ ਦਿੱਤਾ। ਰੱਖਿਆ ਮੰਤਰੀ ਅਨੁਸਾਰ ਹਿੰਦ ਮਹਾਸਾਗਰ ਅਤੇ ਦੱਖਣ-ਪੂਰਬੀ ਏਸ਼ੀਆ ਦੇ ਪਾਣੀਆਂ ਨੂੰ ਸੁਰੱਖਿਅਤ ਰੱਖਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਸਾਲ 2026 ਨੂੰ ‘ਆਸੀਆਨ-ਭਾਰਤ ਸਮੁੰਦਰੀ ਸਹਿਯੋਗ ਵਰ੍ਹਾ’ ਐਲਾਨਿਆ ਗਿਆ ਹੈ। ਇਹ ਸਮੁੰਦਰੀ ਸੂਚਨਾਵਾਂ ਸਾਂਝੀਆਂ ਕਰਨ, ਜਲ ਸੈਨਾਵਾਂ ਵਿਚਾਲੇ ਸਹਿਯੋਗ ਵਧਾਉਣ ਅਤੇ ਗ਼ੈਰ-ਕਾਨੂੰਨੀ ਮੱਛੀ ਪਾਲਣ ਤੇ ਤਸਕਰੀ ਰੋਕਣ ਦਾ ਸੁਨਹਿਰੀ ਮੌਕਾ ਹੈ।
ਰੱਖਿਆ ਤਕਨਾਲੋਜੀ ਨੂੰ ਸਹਿਯੋਗ ਦਾ ਅਹਿਮ ਖੇਤਰ ਦੱਸਦਿਆਂ ਉਨ੍ਹਾਂ ਕਿਹਾ ਕਿ ਮਸਨੂਈ ਬੌਧਿਕਤਾ (ਏ ਆਈ), ਡਰੋਨ ਅਤੇ ਸਾਈਬਰ ਸਮਰੱਥਾ ਦੀ ਅਹਿਮੀਅਤ ਲਗਾਤਾਰ ਵਧ ਰਹੀ ਹੈ। ਉਨ੍ਹਾਂ ਰੱਖਿਆ ਲੋੜਾਂ ਲਈ ਸਟਾਰਟਅੱਪ ਅਤੇ ਛੋਟੀਆਂ ਕੰਪਨੀਆਂ ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ।

