DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Raja Warring Resignation: ਵੜਿੰਗ ਨੇ ਰਾਹੁਲ ਨਾਲ ਮੁਲਾਕਾਤ ਕਰ ਕੇ ਅਸਤੀਫ਼ਾ ਸੌਂਪਿਆ

ਪ੍ਰਧਾਨਗੀ ਦੇ ਅਹੁਦੇ ਤੋਂ ਖ਼ੁਦ ਅਸਤੀਫ਼ਾ ਦੇਣ ਦਾ ਦਾਅਵਾ ਕੀਤਾ; ਸਚਿਨ ਪਾਇਲਟ ਪ੍ਰਤੀ ਮਲਾਲ

  • fb
  • twitter
  • whatsapp
  • whatsapp
featured-img featured-img
ਅਮਰਿੰਦਰ ਸਿੰਘ ਰਾਜਾ ਵੜਿੰਗ। ਫਾਈਲ ਫੋਟੋ
Advertisement

ਸੰਸਦ ਮੈਂਬਰ ਤੇ ਕਾਂਗਰਸੀ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਨਵੀਂ ਦਿੱਲੀ ’ਚ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਰਸਮੀ ਤੌਰ ’ਤੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ; ਹਾਲਾਂਕਿ ਉਨ੍ਹਾਂ ਖ਼ੁਦ ਹੀ ਵੀਰਵਾਰ ਨੂੰ ਆਪਣੇ ਆਪ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ ਸੀ। ਵੜਿੰਗ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਤੋਂ ਅਸਤੀਫ਼ਾ ਲਿਆ ਨਹੀਂ ਗਿਆ ਸਗੋਂ ਉਨ੍ਹਾਂ ਖ਼ੁਦ ਅਸਤੀਫ਼ਾ ਦਿੱਤਾ ਹੈ।

ਵੜਿੰਗ ਦੇ ਰਸਮੀ ਅਸਤੀਫ਼ੇ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜਾ ਇੱਕ ਮੋਰਚਾ ਜਿੱਤਣ ’ਚ ਸਫਲ ਹੋ ਗਿਆ ਹੈ। ਖ਼ੁਦ ਰਾਜਾ ਵੜਿੰਗ ਨੇ ਵੀ ਕਿਹਾ ਕਿ ਚੰਨੀ ਜਿੱਤ ਗਿਆ ਹੈ।

Advertisement

ਵੜਿੰਗ ਨੇ ਦਿੱਲੀ ’ਚ ਕਿਹਾ, ‘‘ਮੈਂ ਰਾਹੁਲ ਗਾਂਧੀ ਨੂੰ ਮਿਲ ਕੇ ਰਸਮੀ ਤੌਰ ’ਤੇ ਉਨ੍ਹਾਂ ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ ਜਿਨ੍ਹਾਂ ਦੀ ਬਦੌਲਤ ਮੈਂ ਸਾਢੇ ਚਾਰ ਸਾਲ ਪਹਿਲਾਂ ਪ੍ਰਧਾਨ ਬਣਿਆ ਸੀ।’’ ਉਨ੍ਹਾਂ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੇ ਤਜਰਬੇ ਤੋਂ ਇਲਾਵਾ ਪੰਜਾਬ ਦੇ ਮੌਜੂਦਾ ਹਾਲਾਤ ਤੇ ਚੁਣੌਤੀਆਂ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਜਦੋਂ ਵੀ ਕਾਂਗਰਸ ਨੂੰ ਉਨ੍ਹਾਂ ਦੀ ਲੋੜ ਹੋਵੇਗੀ, ਉਹ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਟੀਸੀ ’ਤੇ ਟਿਕਿਆ ਨਹੀਂ ਰਹਿ ਸਕਦਾ ਹੈ ਅਤੇ ਇੱਕ ਦਿਨ ਸਾਬਕਾ ਹੋਣਾ ਹੀ ਹੁੰਦਾ ਹੈ।

Advertisement

ਇਸ ਦੌਰਾਨ ਰਾਜਾ ਵੜਿੰਗ ਦੇ ਮਨ ’ਚ ਪੰਜਾਬ ਕਾਂਗਰਸ ਮਾਮਲਿਆਂ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਪ੍ਰਤੀ ਮਲਾਲ ਵੀ ਨਜ਼ਰ ਆਇਆ। ਉਨ੍ਹਾਂ ਦੱਬੀ ਜ਼ੁਬਾਨ ’ਚ ਸਚਿਨ ਪਾਇਲਟ ਪ੍ਰਤੀ ਆਪਣੀ ਨਾਰਾਜ਼ਗੀ ਦਰਜ ਕਰਵਾਈ। ਉਂਝ ਉਨ੍ਹਾਂ ਇਹ ਵੀ ਕਿਹਾ ਕਿ ਪਾਇਲਟ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਅਤੇ ਉਹ ਯੂਥ ਕਾਂਗਰਸ ਦੇ ਸਮਿਆਂ ਤੋਂ ਪੁਰਾਣੇ ਮਿੱਤਰ ਵੀ ਹਨ।

ਨਾ ਗੁੱਡਾ ਰਿਹਾ, ਨਾ ਹੀ ਗੁੱਡੀ: ਰਾਜਾ ਵੜਿੰਗ

ਕਾਂਗਰਸ ਦੀ ਖਿੱਚੋਤਾਣ ਦਰਮਿਆਨ ਬਤੌਰ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਪ੍ਰਧਾਨ ਬਦਲਣ ਦੇ ਮੁੱਦੇ ’ਤੇ ਵਾਰ-ਵਾਰ ਇਹੋ ਕਿਹਾ ਸੀ ਕਿ ਪ੍ਰਧਾਨਗੀ ਕੋਈ ਗੁੱਡੇ-ਗੁੱਡੀ ਦੀ ਖੇਡ ਨਹੀਂ ਹੈ। ਕਾਂਗਰਸ ਹਾਈਕਮਾਂਡ ਨੇ ਪਹਿਲਾਂ ਬਘੇਲ ਨੂੰ ਬਦਲ ਦਿੱਤਾ ਅਤੇ ਹੁਣ ਰਾਜਾ ਵੜਿੰਗ ਨੂੰ ਲਾਂਭੇ ਕਰ ਦਿੱਤਾ ਹੈ। ਬਘੇਲ ਦੇ ਪੁਰਾਣੇ ਬਿਆਨ ’ਤੇ ਟਿੱਪਣੀ ਕਰਦਿਆਂ ਵੜਿੰਗ ਨੇ ਕਿਹਾ, ‘‘ਹੁਣ ਨਾ ਗੁੱਡਾ ਰਿਹਾ ਹੈ ਅਤੇ ਨਾ ਹੀ ਗੁੱਡੀ।’’ ਉਹ ਇਹ ਕਹਿਣਾ ਵੀ ਨਹੀਂ ਭੁੱਲੇ ਕਿ ਚੰਨੀ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਜਾਂ ਸੁਖਜਿੰਦਰ ਰੰਧਾਵਾ ਨਾਲ ਕੋਈ ਮੁਸ਼ਕਲ ਨਹੀਂ ਹੈ।

ਵਿਦੇਸ਼ ਯਾਤਰਾ ’ਤੇ ਜਾਣਗੇ ਵੜਿੰਗ?

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਸੁਰਖ਼ਰੂ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹੁਣ ਵਿਦੇਸ਼ ਯਾਤਰਾ ਦੀ ਤਿਆਰੀ ਖਿੱਚ ਲੈਣ ਦੇ ਚਰਚੇ ਹਨ। ਉਹ ਸਾਢੇ ਚਾਰ ਸਾਲ ਦੇ ਕਾਰਜਕਾਲ ਮਗਰੋਂ ਹੁਣ ਕੁੱਝ ਸਮਾਂ ਆਰਾਮ ਕਰਨ ਦੇ ਮੂਡ ਵਿੱਚ ਹਨ। ਉਨ੍ਹਾਂ ਵੱਲੋਂ ਇੰਗਲੈਂਡ ਜਾਂ ਅਮਰੀਕਾ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਉਂਝ ਉਨ੍ਹਾਂ ਖ਼ੁਦ ਕੁੱਝ ਸਮਾਂ ਆਰਾਮ ਕਰਨ ਵੱਲ ਇਸ਼ਾਰਾ ਕੀਤਾ ਹੈ।

ਕਾਂਗਰਸ ’ਚ ਖਿੱਚੋਤਾਣ ਵਧੇਗੀ: ਕੇਵਲ ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਦਿੱਤੇ ਅਸਤੀਫ਼ੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਨਾਲ ਕਾਂਗਰਸ ਵਿਚਲੀ ਖਿੱਚੋਤਾਣ ਖ਼ਤਮ ਹੋਣ ਦੀ ਬਜਾਏ ਹੋਰ ਵਧੇਗੀ। ਕਾਂਗਰਸ ’ਚ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਹੈ। ਕਾਂਗਰਸ ’ਚ ਜਦੋਂ ਇੱਕ ਵਾਰ ਕਿਸੇ ਵਿਅਕਤੀ ਦਾ ਅਸਤੀਫ਼ਾ ਲੈ ਲਿਆ ਜਾਂਦਾ ਹੈ ਤਾਂ ਉਹ ਦੂਜੇ ਦੇ ਪਿੱਛੇ ਪੈ ਜਾਂਦੇ ਹਨ। ਕਾਂਗਰਸ ਦੇ ਲੀਡਰਾਂ ਨੂੰ ਪੰਜਾਬ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਸੂਬੇ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਬਹੁਤ ਮਾੜੀ ਹੈ ਅਤੇ ਦਲਿਤਾਂ ਖ਼ਿਲਾਫ਼ ਅਪਰਾਧ ਵਧ ਰਹੇ ਹਨ।

Advertisement
×