ਮੰਗਲਵਾਰ ਨੂੰ ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਥਾਵਾਂ ’ਤੇ ਜ਼ਮੀਨ ਖਿਸਕਣ, ਘਰ ਢਹਿਣ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ, ਜਦੋਂ ਕਿ ਡਿੱਗਦੇ ਪੱਥਰਾਂ ਕਾਰਨ ਦੇਹਰਾਦੂਨ-ਮਸੂਰੀ ਮੁੱਖ ਮਾਰਗ ਬੰਦ ਹੋ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ।
ਲਗਾਤਾਰ ਪੈ ਰਹੇ ਮੀਂਹ ਕਾਰਨ ਅਲਮੋੜਾ ਦੇ ਹਵਾਲਬਾਗ ਬਲਾਕ ਦੇ ਓਡੂਡਾ ਪਿੰਡ ਵਿੱਚ ਸਵੇਰੇ 3 ਵਜੇ ਦੇ ਕਰੀਬ ਇੱਕ ਘਰ ਦੀ ਕੰਧ ਡਿੱਗਣ ਨਾਲ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪ੍ਰੇਮਾ ਦੇਵੀ (42), ਕਲਪਨਾ ਆਰੀਆ (19) ਅਤੇ ਮਨੀਸ਼ ਕੁਮਾਰ (18) ਵਜੋਂ ਹੋਈ ਹੈ।
ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਵਿੱਚ ਜੁੱਟ ਗਈਆਂ।
ਟੀਮਾਂ ਨੂੰ ਘਟਨਾ ਸਥਾਨ ਤੋਂ ਲਗਪਗ ਤਿੰਨ ਕਿਲੋਮੀਟਰ ਪਹਿਲਾਂ ਮਲਬੇ ਕਾਰਨ ਸੜਕ ਬੰਦ ਹੋਣ ਕਾਰਨ ਪੈਦਲ ਹੀ ਜਾਣਾ ਪਿਆ। ਜ਼ਰੂਰੀ ਬਚਾਅ ਉਪਕਰਨ ਲੈ ਕੇ ਜਵਾਨਾਂ ਨੇ ਮਲਬੇ ਵਿੱਚੋਂ ਲਾਸ਼ਾਂ ਲੱਭਣ ਅਤੇ ਬਾਹਰ ਕੱਢਣ ਲਈ ਸਥਾਨਕ ਵਾਸੀਆਂ, ਫ਼ਾਇਰ ਸਰਵਿਸ ਅਤੇ ਜ਼ਿਲ੍ਹਾ ਪੁਲੀਸ ਨਾਲ ਤਾਲਮੇਲ ਕੀਤਾ।
ਲਗਾਤਾਰ ਮੀਂਹ ਕਾਰਨ ਸੜਕਾਂ, ਨਦੀਆਂ ਅਤੇ ਰਿਹਾਇਸ਼ੀ ਖੇਤਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਦੇਹਰਾਦੂਨ-ਮਸੂਰੀ ਹਾਈਵੇਅ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਵਾਰ-ਵਾਰ ਜ਼ਮੀਨ ਖਿਸਕਣ, ਸੜਕ ਨੂੰ ਨੁਕਸਾਨ ਪਹੁੰਚਣ ਅਤੇ ਪੱਥਰ ਡਿੱਗਣ ਨਾਲ ਮੁੱਖ ਸੜਕ ਦੇ ਕਈ ਹਿੱਸੇ ਬੰਦ ਅਤੇ ਪ੍ਰਭਾਵਿਤ ਹੋ ਗਏ, ਜਿਸ ਨਾਲ ਮਸੂਰੀ ਦੇ ਨੇੜੇ ਆਵਾਜਾਈ ਵਿੱਚ ਵਿਘਨ ਪਿਆ।
ਇੱਕ ਹੋਰ ਘਟਨਾ ਤਹਿਤ ਅਲਮੋੜਾ ਸ਼ਹਿਰ ਵਿੱਚ ਹੀ ਧਾਰਕਿਟੂਨੀ ਖੇਤਰ 'ਚ ਇੱਕ ਪੁਰਾਣੇ ਘਰ ਦੀ ਕੰਧ ਡਿੱਗਣ ਨਾਲ ਨੇਪਾਲ ਤੋਂ ਆਏ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਜ਼ਿਲ੍ਹਾ ਕੰਟਰੋਲ ਰੂਮ ਨੂੰ ਮੰਗਲਵਾਰ ਸਵੇਰੇ 11:36 ਵਜੇ ਘਟਨਾ ਦੀ ਜਾਣਕਾਰੀ ਮਿਲੀ।
ਉੱਥੇ ਹੀ ਦੇਹਰਾਦੂਨ ਵਿੱਚ, ਸੋਮਵਾਰ ਦੇਰ ਰਾਤ, ਪ੍ਰੇਮ ਨਗਰ ਥਾਣੇ ਅਧੀਨ ਆਉਂਦੇ ਲੋਅਰ ਕੰਡੋਲੀ ਖੇਤਰ ਵਿੱਚ ਪੌਂਧਾ ਰੋਡ 'ਤੇ ਕੰਡੋਲੀ ਪੁਲ ਦੇ ਨੇੜੇ ਮੀਂਹ ਕਾਰਨ ਵਗਦੇ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ ਕਾਰ ਵਹਿ ਗਈ।
ਦੋ ਔਰਤਾਂ ਅਤੇ ਇੱਕ ਆਦਮੀ ਕਾਰ ਅੰਦਰ ਸਵਾਰ ਸਨ। ਘਟਨਾ ਦੀ ਜਾਣਕਾਰੀ ਮਿਲਣ 'ਤੇ, ਸਹਾਇਕ ਸਬ-ਇੰਸਪੈਕਟਰ ਸੁਰੇਸ਼ ਤੋਮਰ ਦੀ ਅਗਵਾਈ ਵਿੱਚ ਐੱਸ ਡੀ ਆਰ ਐੱਫ ਟੀਮ ਨੇ ਤੁਰੰਤ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ।
ਤਲਾਸ਼ੀ ਦੌਰਾਨ, ਸਹਿਜ ਨਾਮ ਦੀ ਇੱਕ ਔਰਤ ਘਟਨਾ ਸਥਾਨ ਤੋਂ ਲਗਪਗ ਦੋ ਕਿਲੋਮੀਟਰ ਦੂਰ ਜ਼ਖਮੀ ਮਿਲੀ ਅਤੇ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।
ਉੱਥੇ ਹੀ ਜੈਪੁਰ ਦੇ ਰਹਿਣ ਵਾਲੇ 20 ਸਾਲਾ ਅਕਸ਼ੈ ਅਤੇ ਇੱਕ ਹੋਰ ਔਰਤ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

