ਜੰਮੂ-ਕਸ਼ਮੀਰ: ਜਮਾਤ-ਏ-ਇਸਲਾਮੀ ਨਾਲ ਜੁੜੇ 300 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ
ਪੁਲੀਸ ਨੇ ਬੁੱਧਵਾਰ ਨੂੰ ਕਸ਼ਮੀਰ ਵਿੱਚ ਅਤਿਵਾਦੀ ਈਕੋਸਿਸਟਮ ਵਿਰੁੱਧ ਕਾਰਵਾਈ ਤੇਜ਼ ਕਰਦਿਆਂ ਘਾਟੀ ਵਿੱਚ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ (ਜੇ.ਈ.ਆਈ.) ਨਾਲ ਜੁੜੇ ਵਿਅਕਤੀਆਂ ਦੇ 300 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਭਰੋਸੇਯੋਗ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ, ਜੋ ਇਹ ਸੰਕੇਤ ਦਿੰਦੀ ਹੈ ਕਿ ਜੇ.ਈ.ਆਈ. ਨਾਲ ਜੁੜੇ ਅਨਸਰ ਵੱਖ-ਵੱਖ ਮੋਰਚਿਆਂ ਹੇਠ ਆਪਣੀਆਂ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਛਾਪੇਮਾਰੀ ਕੁਲਗਾਮ, ਪੁਲਵਾਮਾ, ਸ਼ੋਪੀਆਂ, ਬਾਰਾਮੂਲਾ ਅਤੇ ਗੰਦਰਬਲ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਕੀਤੀ ਗਈ।ਇਹ ਤਲਾਸ਼ੀ ਜੇ.ਈ.ਆਈ. ਮੈਂਬਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਰਿਹਾਇਸ਼ੀ ਟਿਕਾਣਿਆਂ ਅਤੇ ਅਹਾਤਿਆਂ ’ਤੇ ਕੀਤੀ ਗਈ।
ਉਨ੍ਹਾਂ ਅੱਗੇ ਕਿਹਾ ਕਿ ਇਹ ਕਾਰਵਾਈ ਜ਼ਮੀਨੀ ਪੱਧਰ ’ਤੇ ਅਤਿਵਾਦੀ ਈਕੋਸਿਸਟਮ ਅਤੇ ਇਸ ਦੇ ਸਮਰਥਨ ਢਾਂਚੇ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦਾ ਇੱਕ ਹਿੱਸਾ ਹੈ। ਇਸ ਵਿਸ਼ਾਲ ਅਪਰੇਸ਼ਨ ਦੇ ਵੇਰਵੇ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ 200 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਦਿਨਾਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ 400 ਤੋਂ ਵੱਧ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮਾਂ (CASOs) ਚਲਾਈਆਂ ਗਈਆਂ ਹਨ।
ਅਧਿਕਾਰੀਆਂ ਨੇ ਅੱਗੇ ਕਿਹਾ ਕਿ ਇਨ੍ਹਾਂ ਅਪਰੇਸ਼ਨਾਂ ਕਾਰਨ ਜੇ ਕੇ ਐੱਨ ਓ ਪੀ ਅਤੇ ਹੋਰ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ ਲਗਪਗ 500 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਜਿਨ੍ਹਾਂ ਵਿੱਚੋਂ ਕਈਆਂ ਨੂੰ ਰੋਕਥਾਮ ਕਾਨੂੰਨਾਂ ਤਹਿਤ ਬੰਨ੍ਹਿਆ ਗਿਆ ਹੈ ਅਤੇ ਜ਼ਿਲ੍ਹਾ ਜੇਲ੍ਹ ਮੱਟਨ, ਅਨੰਤਨਾਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
