ਕੋਲਕਾਤਾ ਦੇ ਡੀ ਸੀ ਪੀ ਤੇ ਹੋਰਾਂ ਦੇ ਟਿਕਾਣਿਆਂ ’ਤੇ ਛਾਪੇ
ਈ ਡੀ ਨੇ ਪੀ ਐੱਮ ਐੱਲ ਏ ਤਹਿਤ ਕੇਸ ਦੀ ਜਾਂਚ ਵਿੱਚ ਕਾਰੋਬਾਰੀ ਗ੍ਰਿਫ਼ਤਾਰ ਕੀਤਾ
ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਕੋਲਕਾਤਾ ਦੇ ਇੱਕ ਕਾਰੋਬਾਰੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਚੋਣਾਂ ਵਾਲੇ ਰਾਜ ਵਿੱਚ ਕਥਿਤ ਅਪਰਾਧਿਕ ਗੱਠਜੋੜ ਵਿਰੁੱਧ ਮਨੀ ਲਾਂਡਰਿੰਗ ਕੇਸ ਦੀ ਜਾਂਚ ਤਹਿਤ ਉਕਤ ਕਾਰੋਬਾਰੀ ਅਤੇ ਕੋਲਕਾਤਾ ਪੁਲੀਸ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸਿਨਹਾ ਵਿਸਵਾਸ ਖ਼ਿਲਾਫ਼ ਛਾਪੇਮਾਰੀ ਤੋਂ ਬਾਅਦ ਕੀਤੀ ਗਈ ਹੈ। ਇਹ ਜਾਣਕਾਰੀ ਏਜੰਸੀ ਦੇ ਅਧਿਕਾਰੀਆਂ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਸਨ ਐਂਟਰਪ੍ਰਾਈਜ਼ ਦੇ ਮੈਨੇਜਿੰਗ ਡਾਇਰੈਕਟਰ ਜੌਇ ਕਾਮਦਾਰ ਨੂੰ ਸੰਖੇਪ ਪੁੱਛ ਪੜਤਾਲ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪਹਿਲਾਂ ਉਸ ਨੂੰ ਪੁੱਛ ਪੜਤਾਲ ਲਈ ਈ ਡੀ ਦੇ ਦਫ਼ਤਰ ਲਿਆਂਦਾ ਗਿਆ, ਜਿਸ ਮਗਰੋਂ ਉਸ ਨੂੰ ਪੀ ਐੱਮ ਐੱਲ ਏ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਏਜੰਸੀ ਰਿਮਾਂਡ ਦੀ ਮੰਗ ਕਰੇਗੀ।
ਅੱਜ ਦਿਨੇ ਈ ਡੀ ਨੇ ਮਨੀ ਲਾਂਡਰਿੰਗ ਨਾਲ ਸਬੰਧਤ ਕੇਸ ਦੀ ਜਾਂਚ ਤਹਿਤ ਕੋਲਕਾਤਾ ਪੁਲੀਸ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸਿਨਹਾ ਵਿਸਵਾਸ ਅਤੇ ਕਾਰੋਬਾਰੀ ਜੌਇ ਕਾਮਦਾਰ ਦੇ ਕੋਲਕਾਤਾ ਸਥਿਤ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਬਾਲੀਗੰਜ ਖੇਤਰ ਸਥਿਤ ਵਿਸਵਾਸ ਦੀ ਰਿਹਾਇਸ਼ ਸਮੇਤ ਉਨ੍ਹਾਂ ਨਾਲ ਸਬੰਧਤ ਦੋ ਟਿਕਾਣਿਆਂ ਤੇ ਕਾਮਦਾਰ ਦੇ ਟਿਕਾਣਿਆਂ ’ਤੇ ਛਾਪਾ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਬੰਗਾਲ ਤੇ ਕੋਲਕਾਤਾ ਪੁਲੀਸ ਭਲਾਈ ਕਮੇਟੀ ਦੇ ਮੁੱਖ ਕੋਆਰਡੀਨੇਟਰ ਤੇ ਨੋਡਲ ਅਫ਼ਸਰ ਵਿਸਵਾਸ ਆਪਣੀ ਰਿਹਾਇਸ਼ ’ਤੇ ਮੌਜੂਦ ਨਹੀਂ ਸਨ। ਇਹ ਕਾਰਵਾਈ ਵਿਸ਼ਵਜੀਤ ਪੋਦਾਰ ਉਰਫ਼ ਸੋਨਾ ਪੱਪੂ ਨਾਂ ਦੇ ਕਥਿਤ ਅਪਰਾਧੀ ਖ਼ਿਲਾਫ਼ ਮਨੀ ਲਾਂਡਰਿੰਗ ਦੇ ਮਾਮਲੇ ਨਾਲ ਜੁੜੀ ਹੋਈ ਹੈ, ਜਿਸ ’ਤੇ ਇਰਾਦਾ ਕਤਲ ਅਤੇ ਜਬਰੀ ਉਗਰਾਹੀ ਦੇ ਦੋਸ਼ਾਂ ਤਹਿਤ ਮਾਮਲੇ ਦਰਜ ਹਨ।

