ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸਲੇ ਸੁਲਝਾਉਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਿਛਲੇ ਸਾਲ ਰਾਜਸਥਾਨ ਚੋਣਾਂ ਤੋਂ ਪਹਿਲਾਂ ਜੈਪੁਰ ਵਿਚ ਇਕ ਰੈਲੀ ਵਿਚ ਸ਼ਾਮਲ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਸਚਿਨ ਪਾਇਲਟ ਦੀ ਤਸਵੀਰ। -ਫੋਟੋ:ਪੀਟੀਆਈ

ਨਵੀਂ ਦਿੱਲੀ, 10 ਅਗਸਤ

ਰਾਜਸਥਾਨ ਵਿਧਾਨ ਸਭਾ ਦੇ 14 ਅਗਸਤ ਨੂੰ ਇਜਲਾਸ ਤੋਂ ਐਨ ਪਹਿਲਾਂ ਹੁਕਮਰਾਨ ਕਾਂਗਰਸ ’ਚ ਪੈਦਾ ਹੋਈ ਗੁੱਟਬਾਜ਼ੀ ਦਾ ਹੁਣ ਨਿਬੇੜਾ ਹੁੰਦਾ ਨਜ਼ਰ ਆ ਰਿਹਾ ਹੈ। ਪਾਰਟੀ ’ਚ ਬਗ਼ਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਆਗੂ ਸਚਿਨ ਪਾਇਲਟ ਨੇ ਅੱਜ ਇਥੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ ਜਿਸ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਰਾਜਸਥਾਨ ’ਚ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਸਰਕਾਰ ’ਤੇ ਮੰਡਰਾ ਰਹੇ ਸੰਕਟ ਦੇ ਬੱਦਲ ਖਿੰਡ ਜਾਣਗੇ। ਕਾਂਗਰਸ ਨੇ ਦੇਰ ਸ਼ਾਮ ਨੂੰ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਪਾਰਟੀ ਅਤੇ ਰਾਜਸਥਾਨ ’ਚ ਗਹਿਲੋਤ ਸਰਕਾਰ ਦੇ ਹਿੱਤ ’ਚ ਕੰਮ ਕਰਨਗੇ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਸਚਿਨ ਪਾਇਲਟ ਵਿਚਕਾਰ ਖੁਲ੍ਹਾ ਵਿਚਾਰ ਵਟਾਂਦਰਾ ਹੋਇਆ ਹੈ। ਬਿਆਨ ’ਚ ਕਿਹਾ ਗਿਆ ਕਿ ਇਸ ਮੀਟਿੰਗ ਮਗਰੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਇਲਟ ਧੜੇ ਵੱਲੋਂ ਉਠਾਏ ਗਏ ਮੁੱਦਿਆਂ ਦੇ ਨਿਬੇੜੇ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ।

ਬਗ਼ਾਵਤ ਮਗਰੋਂ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਸਚਿਨ ਪਾਇਲਟ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਦਾ ਲਾਲਚ ਨਹੀਂ ਹੈ, ਬਸ ਮਾਣ-ਸਨਮਾਨ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਰਾਜ਼ ਵਿਧਾਇਕਾਂ ਦੀ ਗੱਲ ਸੁਣੀ ਗਈ ਹੈ ਅਤੇ ਉਨ੍ਹਾਂ ਪਾਰਟੀ ਦੇ ਹਿੱਤ ’ਚ ਸਾਰੀਆਂ ਗੱਲਾਂ ਆਖੀਆਂ ਹਨ। ਪਾਇਲਟ ਨੇ ਕਿਹਾ ਕਿ ਉਨ੍ਹਾਂ ’ਤੇ ਹੋਏ ਨਿੱਜੀ ਹਮਲਿਆਂ ਦਾ ਦੁੱਖ ਜ਼ਰੂਰ ਹੈ ਪਰ ਛੇਤੀ ਪਾਰਟੀ ’ਚ ਸੰਕਟ ਦਾ ਹੱਲ ਜ਼ਰੂਰ ਨਿਕਲੇਗਾ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੇ ਹਨ ਅਤੇ ਉਹ ਪਾਰਟੀ ’ਚ ਹੀ ਰਹਿਣਗੇ। ਉਧਰ ਬਾਗ਼ੀ ਵਿਧਾਇਕ ਭੰਵਰ ਲਾਲ ਸ਼ਰਮਾ ਨੇ ਜੈਪੁਰ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕਰ ਕੇ ਸਮਝੌਤੇ ਦੇ ਸੰਕੇਤ ਦਿੱਤੇ। ਉਸ ਨੇ ਦਾਅਵਾ ਕੀਤਾ ਕਿ ਰਾਜਸਥਾਨ ’ਚ ਕਾਂਗਰਸ ਸਰਕਾਰ ਸੁਰੱਖਿਅਤ ਹੈ ਅਤੇ ਸਾਰਾ ਕੁਝ ਮੰਗਲਵਾਰ ਤੱਕ ਸਪੱਸ਼ਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਵਿਧਾਇਕਾਂ ਨੂੰ ਵੀ ਜੈਪੁਰ ਪਰਤ ਆਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸੂਤਰਾਂ ਨੇ ਖ਼ਬਰ ਏਜੰਸੀ ਕੋਲ ਤਸਦੀਕ ਕੀਤੀ ਸੀ ਕਿ ਸਚਿਨ ਪਾਇਲਟ ਕਾਂਗਰਸ ਦੇ ਮੋਹਰੀ ਆਗੂਆਂ ਦੇ ਸੰਪਰਕ ’ਚ ਹਨ ਅਤੇ ਉਨ੍ਹਾਂ ਦੀ ‘ਘਰ ਵਾਪਸੀ’ ਦਾ ਫਾਰਮੂਲਾ ਤਿਆਰ ਕੀਤਾ ਜਾ ਰਿਹਾ ਹੈ। ਕਰੀਬ ਦੋ ਘੰਟੇ ਤੱਕ ਚੱਲੀ ਮੀਟਿੰਗ ਦੌਰਾਨ ਪਾਇਲਟ ਧੜੇ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਜਾਵੇਗਾ।ਬੈਠਕ ਦੌਰਾਨ ਇਸ ਗੱਲ ’ਤੇ ਵੀ ਚਰਚਾ ਹੋਈ ਕਿ ਜੇਕਰ ਵਿਧਾਨ ਸਭਾ ਇਜਲਾਸ ਦੌਰਾਨ ਭਰੋਸੇ ਦਾ ਵੋਟ ਹਾਸਲ ਕੀਤਾ ਜਾਂਦਾ ਹੈ ਤਾਂ ਪਾਇਲਟ ਅਤੇ ਉਨ੍ਹਾਂ ਦੇ ਵਫ਼ਾਦਾਰ ਵਿਧਾਇਕ ਗਹਿਲੋਤ ਸਰਕਾਰ ਦੇ ਪੱਖ ’ਚ ਨਿਤਰਣਗੇ।
-ਪੀਟੀਆਈ

ਗਹਿਲੋਤ ਸਰਕਾਰ ਛੇਤੀ ਡਿੱਗੇਗੀ: ਕਟਾਰੀਆ

ਨਵੀਂ ਦਿੱਲੀ: ਭਾਜਪਾ ਵਿਧਾਇਕ ਦਲ ਦੇ ਆਗੂ ਗੁਲਾਬ ਚੰਦ ਕਟਾਰੀਆ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਪਾਰਟੀ ’ਚ ਇਕਜੁੱਟਤਾ ਥੋੜੇ ਸਮੇਂ ਦੀ ਗੱਲ ਹੈ ਅਤੇ ਅਸ਼ੋਕ ਗਹਿਲੋਤ ਸਰਕਾਰ ਛੇਤੀ ਹੀ ਟੁੱਟ ਜਾਵੇਗੀ। ਉਨ੍ਹਾਂ ਭਰੋਸਾ ਜਤਾਇਆ ਕਿ ਗਹਿਲੋਤ ਸਰਕਾਰ ਜੇਕਰ ਅੱਜ ਨਹੀਂ ਤਾਂ ਕੁਝ ਮਹੀਨਿਆਂ ਬਾਅਦ ਜ਼ਰੂਰ ਡਿੱਗ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਜਪਾ ਵਿਧਾਇਕਾਂ ਦੀ ਮੰਗਲਵਾਰ ਨੂੰ ਬੈਠਕ ਸੱਦੀ ਗਈ ਹੈ। ਭਾਜਪਾ ਸੂਤਰਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਭਲਕੇ ਜੈਪੁਰ ’ਚ ਹੋਣ ਵਾਲੀ ਬੈਠਕ ’ਚ ਸ਼ਮੂਲੀਅਤ ਕਰ ਸਕਦੇ ਹਨ। ਕਟਾਰੀਆ ਨੇ ਭਾਜਪਾ ਆਗੂਆਂ ’ਚ ਮੱਤਭੇਦ ਹੋਣ ਦੀਆਂ ਰਿਪੋਰਟਾਂ ਨੂੰ ਨਕਾਰਿਆ।
-ਪੀਟੀਆਈ

ਬਸਪਾ ਦੇ ਛੇ ਵਿਧਾਇਕਾਂ ਦੇ ਕਾਂਗਰਸ ’ਚ ਰਲੇਵੇਂ ਬਾਰੇ ਅਰਜ਼ੀ ’ਤੇ ਸੁਣਵਾਈ ਅੱਜ

ਨਵੀਂ ਦਿੱਲੀ: ਰਾਜਸਥਾਨ ’ਚ ਬਸਪਾ ਦੇ ਛੇ ਵਿਧਾਇਕਾਂ ਦੇ ਕਾਂਗਰਸ ’ਚ ਰਲੇਵੇਂ ਨਾਲ ਸਬੰਧਤ ਮੁੱਦੇ ’ਤੇ ਦਾਖ਼ਲ ਪਟੀਸ਼ਨਾਂ ਉਪਰ ਸੁਪਰੀਮ ਕੋਰਟ ਵੱਲੋਂ ਭਲਕੇ ਸੁਣਵਾਈ ਕੀਤੀ ਜਾਵੇਗੀ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਭਾਜਪਾ ਵਿਧਾਇਕ ਮਦਨ ਦਿਲਾਵਰ ਵੱਲੋਂ ਦਾਖ਼ਲ ਅਰਜ਼ੀ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਭਲਕੇ ਛੇ ਵਿਧਾਇਕਾਂ ਵੱਲੋਂ ਦਾਖ਼ਲ ਵੱਖਰੀ ਪਟੀਸ਼ਨ ਦੇ ਨਾਲ ਹੀ ਇਸ ’ਤੇ ਸੁਣਵਾਈ ਕੀਤੀ ਜਾਵੇਗੀ। ਛੇ ਵਿਧਾਇਕਾਂ ਨੇ ਪਟੀਸ਼ਨ ਦਾਖ਼ਲ ਕਰ ਕੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ’ਚ ਅਜਿਹੀਆਂ ਅਰਜ਼ੀਆਂ ਬਕਾਇਆ ਪਈਆਂ ਹਨ। ਇਸ ਕਰ ਕੇ ਉਨ੍ਹਾਂ ਖਿਲਾਫ਼ ਹਾਈ ਕੋਰਟ ’ਚ ਦਾਖ਼ਲ ਅਰਜ਼ੀ ਨੂੰ ਸਿਖਰਲੀ ਅਦਾਲਤ ’ਚ ਤਬਦੀਲ ਕਰ ਦਿੱਤਾ ਜਾਣਾ ਚਾਹੀਦਾ ਹੈ। ਦਿਲਾਵਰ ਨੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਵੱਲੋਂ 6 ਅਗਸਤ ਨੂੰ ਸੁਣਾਏ ਗਏ ਹੁਕਮਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ ਜਿਸ ਨੇ ਸਿੰਗਲ ਜੱਜ ਦੇ ਹੁਕਮਾਂ ਖਿਲਾਫ਼ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਜੱਜ ਨੇ ਛੇ ਵਿਧਾਇਕਾਂ ਦੇ ਕਾਂਗਰਸ ਵਿਧਾਨਕਾਰ ਵਜੋਂ ਵਿਚਰਨ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਨ੍ਹਾਂ ਵਿਧਾਇਕਾਂ ’ਚ ਸੰਦੀਪ ਯਾਦਵ, ਵਾਜਿਬ ਅਲੀ, ਦੀਪਚੰਦ ਖੇੜੀਆ, ਲਖਨ ਮੀਣਾ, ਜੋਗੇਂਦਰ ਅਵਾਨਾ ਅਤੇ ਰਾਜੇਂਦਰ ਗੁੜਾ ਸ਼ਾਮਲ ਹਨ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All