
ਪੁਲਵਾਮਾ ਵਿੱਚ ਰਾਹੁਲ ਗਾਂਧੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋ: ਪੀਟੀਆਈ
ਅਵੰਤੀਪੋਰਾ, 28 ਜਨਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਖ਼ਤ ਸੁਰੱਖਿਆ ਹੇਠ ਭਾਰਤ ਜੋੜੋ ਯਾਤਰਾ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਆਵੰਤੀਪੋਰਾ ਤੋਂ ਮੁੜ ਆਰੰਭ ਕੀਤੀ। ਇਕ ਦਿਨ ਪਹਿਲਾਂ ਸੁਰੱਖਿਆ ’ਚ ਖਾਮੀ ਦਾ ਹਵਾਲਾ ਦਿੰਦਿਆਂ ਅਨੰਤਨਾਗ ਜ਼ਿਲ੍ਹੇ ’ਚ ਪੈਦਲ ਮਾਰਚ ਰੱਦ ਕਰ ਦਿੱਤਾ ਗਿਆ ਸੀ। ਭਾਰਤ ਜੋੜੋ ਯਾਤਰਾ ਦਾ ਭਲਕੇ ਆਖਿਰੀ ਦਿਨ ਹੈ ਅਤੇ ਇਹ ਐਤਵਾਰ ਸਵੇਰੇ ਪਾਂਠਾਚੌਕ ਤੋਂ ਸ਼ੁਰੂ ਹੋਵੇਗੀ ਤੇ ਸ਼ਾਮ ਨੂੰ ਨਹਿਰੂ ਪਾਰਕ ਨੇੜੇ ਖ਼ਤਮ ਹੋਵੇਗੀ। ਸੋਮਵਾਰ ਨੂੰ ਰਾਹੁਲ ਗਾਂਧੀ ਐਮ ਏ ਰੋਡ ’ਤੇ ਪਾਰਟੀ ਹੈਡਕੁਆਰਟਰ ’ਤੇ ਕੌਮੀ ਝੰਡਾ ਲਹਿਰਾਉਣਗੇ। ਜਿਸ ਮਗਰੋਂ ਐਸ ਕੇ ਸਟੇਡੀਅਮ ਵਿੱਚ ਰੈਲੀ ਕੀਤੀ ਜਾਵੇਗੀ।

ਰਾਹੁਲ ਨਾਲ ਅੱਜ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਅਤੇ ਉਨ੍ਹਾਂ ਦੀ ਧੀ ਇਲਤਿਜਾ ਮੁਫ਼ਤੀ ਨੇ ਵੀ ਯਾਤਰਾ ’ਚ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪੁਲਵਾਮਾ ਜ਼ਿਲ੍ਹੇ ’ਚ 2019 ’ਚ ਦਹਿਸ਼ਤਗਰਦਾਂ ਦੇ ਹਮਲੇ ’ਚ ਸ਼ਹੀਦ ਹੋਏ ਸੀਆਰਪੀਐੱਫ ਦੇ 40 ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਯਾਤਰਾ ਲਈ ਅੱਜ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸੁਰੱਖਿਆ ਬਲਾਂ ਨੇ ਯਾਤਰਾ ਦੀ ਸ਼ੁਰੂਆਤ ਵਾਲੀ ਥਾਂ ਨੂੰ ਜਾਂਦੀਆਂ ਸੜਕਾਂ ਸੀਲ ਕਰ ਦਿੱਤੀਆਂ ਸਨ। ਸਿਰਫ਼ ਅਧਿਕਾਰਿਤ ਵਾਹਨਾਂ ਅਤੇ ਪੱਤਰਕਾਰਾਂ ਨੂੰ ਹੀ ਉਥੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ। ਰਾਹੁਲ ਗਾਂਧੀ ਦੇ ਆਲੇ ਦੁਆਲੇ ਤਿੰਨ ਪਰਤੀ ਸੁਰੱਖਿਆ ਘੇਰਾ ਬਣਾਇਆ ਗਿਆ ਸੀ। ਸਵੇਰੇ 9:20 ਵਜੇ ਯਾਤਰਾ ਸ਼ੁਰੂ ਹੋਣ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਫ਼ੈਦ ਟੀ-ਸ਼ਰਟ ਉਪਰ ਅੱਧੀਆਂ ਬਾਹਵਾਂ ਵਾਲੀ ਜੈਕੇਟ ਪਹਿਨੀ ਹੋਈ ਸੀ। ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਭਾਰਤ ਜੋੜੋ ਯਾਤਰਾ ਕਸ਼ਮੀਰ ’ਚ ਹਵਾ ਦੇ ਤਾਜ਼ੇ ਬੁੱਲੇ ਵਾਂਗ ਆਈ ਹੈ ਕਿਉਂਕਿ 2019 ਤੋਂ ਬਾਅਦ ਪਹਿਲੀ ਵਾਰ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਮਿਲੀ ਹੈ। ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਆਗੂ ਨੇ ਟਵੀਟ ਕਰਕੇ ਕਿਹਾ ਕਿ ਰਾਹੁਲ ਗਾਂਧੀ ਨਾਲ ਪੈਦਲ ਚੱਲਣਾ ਵਧੀਆ ਤਜਰਬਾ ਰਿਹਾ। ਸਾਬਕਾ ਮੁੱਖ ਮੰਤਰੀ ਨੇ ਚੁਰਸੂ ’ਚ ਰਾਹੁਲ ਨਾਲ ਯਾਤਰਾ ’ਚ ਸ਼ਮੂਲੀਅਤ ਕੀਤੀ। ਉਧਰ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠਲੀ ਭਾਰਤ ਜੋੜੋ ਯਾਤਰਾ ਨੂੰ ਕਸ਼ਮੀਰ ’ਚ ਵਧੀਆ ਹੁੰਗਾਰਾ ਮਿਲਿਆ ਹੈ ਪਰ ਟੀਵੀ ਮੀਡੀਆ ਅਤੇ ਅਖੌਤੀ ਕਸ਼ਮੀਰੀ ਮਾਹਿਰ ਇਸ ਬਾਰੇ ਚੁੱਪੀ ਸਾਧ ਕੇ ਬੈਠੇ ਹੋਏ ਹਨ। ਨੈਸ਼ਨਲ ਕਾਨਫਰੰਸ ਆਗੂ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਜੋੜੋ ਯਾਤਰਾ ’ਚ ਨੌਜਵਾਨਾਂ, ਬਜ਼ੁਰਗਾਂ, ਮਰਦਾਂ ਅਤੇ ਔਰਤਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਕਸ਼ਮੀਰੀ ਮਾਹਿਰਾਂ ਦੀ ਖਾਮੋਸ਼ੀ ’ਤੇ ਹੈਰਾਨੀ ਜਤਾਈ ਜੋ ਕਸ਼ਮੀਰੀਆਂ ਨੂੰ ਰਾਸ਼ਟਰ ਵਿਰੋਧੀ, ਫਿਰਕੂ ਅਤੇ ਅਸਹਿਣਸ਼ੀਲ ਦੱਸਣ ਦਾ ਕੋਈ ਮੌਕਾ ਨਹੀਂ ਖੁੰਝਾਉਂਦੇ ਹਨ। ਉਨ੍ਹਾਂ ਕਿਹਾ ਕਿ ਯਾਤਰਾ ’ਚ ਲੋਕਾਂ ਦੀ ਵੱਡੀ ਸ਼ਮੂਲੀਅਤ ਨੇ ਉਨ੍ਹਾਂ ਦੇ ਕੂੜ ਪ੍ਰਚਾਰ ਨੂੰ ਪਿਛਾਂਹ ਧੱਕ ਦਿੱਤਾ ਹੈ। -ਪੀਟੀਆਈ

ਖੜਗੇ ਨੇ ਸੁਰੱਖਿਆ ਲਈ ਸ਼ਾਹ ਨੂੰ ਪੱਤਰ ਲਿਖਿਆ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜੰਮੂ ਕਸ਼ਮੀਰ ’ਚ ਭਾਰਤ ਜੋੜੋ ਯਾਤਰਾ ਨੂੰ ਢੁੱਕਵੀਂ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਇਹ ਪੱਤਰ ਉਸ ਸਮੇਂ ਲਿਖਿਆ ਗਿਆ ਜਦੋਂ ਸ਼ੁੱਕਰਵਾਰ ਨੂੰ ਸੁਰੱਖਿਆ ’ਚ ਖਾਮੀ ਮਗਰੋਂ ਕਾਂਗਰਸ ਨੇ ਯਾਤਰਾ ਰੋਕ ਦਿੱਤੀ ਸੀ। ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ’ਚ ਕਾਂਗਰਸ ਪ੍ਰਧਾਨ ਨੇ ਕਿਹਾ,‘‘ਅਸੀਂ ਅਗਲੇ ਦੋ ਦਿਨਾਂ ’ਚ ਯਾਤਰਾ ’ਚ ਲੋਕਾਂ ਦੇ ਵੱਡੇ ਇਕੱਠ ਦੀ ਆਸ ਕਰ ਰਹੇ ਹਾਂ। ਕਈ ਸੀਨੀਅਰ ਕਾਂਗਰਸ ਆਗੂਆਂ ਸਮੇਤ ਹੋਰ ਪਾਰਟੀਆਂ ਦੇ ਆਗੂ ਵੀ 30 ਜਨਵਰੀ ਨੂੰ ਹੋਣ ਵਾਲੇ ਸਮਾਪਤੀ ਸਮਾਗਮ ਦੌਰਾਨ ਹਾਜ਼ਰ ਰਹਿਣਗੇ। ਮੈਂ ਰਿਣੀ ਰਹਾਂਗਾ ਜੇਕਰ ਤੁਸੀਂ ਖੁਦ ਇਸ ਮਾਮਲੇ ’ਚ ਦਖ਼ਲ ਦੇ ਕੇ ਸਬੰਧਤ ਅਧਿਕਾਰੀਆਂ ਨੂੰ ਢੁੱਕਵੀਂ ਸੁਰੱਖਿਆ ਪ੍ਰਦਾਨ ਕਰਨ ਦੀ ਸਲਾਹ ਦੇਵੋਗੇ।’’ ਖੜਗੇ ਨੇ ਜੰਮੂ ਕਸ਼ਮੀਰ ਪੁਲੀਸ ਦੀ ਸ਼ਲਾਘਾ ਕੀਤੀ ਹੈ। -ਪੀਟੀਆਈ
ਆਜ਼ਾਦ ‘ਮੀਰ ਜਾਫ਼ਰ’: ਜੈਰਾਮ ਰਮੇਸ਼
ਅਵਾਂਤੀਪੋਰਾ: ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਨਹੀਂ ਸੋਚਿਆ ਸੀ ਕਿ ਪਾਰਟੀ ਦੇ ਸਾਬਕਾ ਆਗੂ ਗੁਲਾਮ ਨਬੀ ਆਜ਼ਾਦ ‘ਮੀਰ ਜਾਫਰ’ ਬਣਨਗੇ। ਉਨ੍ਹਾਂ ਦੋਸ਼ ਲਾਇਆ ਕਿ ਆਜ਼ਾਦ ਨੂੰ ਭਾਜਪਾ ਨੇ ਜੰਮੂ ਕਸ਼ਮੀਰ ’ਚ ਕਾਂਗਰਸ ਦੇ ਵੋਟ ਕੱਟਣ ਲਈ ਖੜ੍ਹਾ ਕੀਤਾ ਹੈ। ਉਨ੍ਹਾਂ ਡੈਮੋਕਰੈਟਿਕ ਆਜ਼ਾਦ ਪਾਰਟੀ ਦੇ ਮੁਖੀ ਆਜ਼ਾਦ, ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ ਦੇ ਅਸਦ-ਉਦ-ਦੀਨ ਓਵਾਇਸੀ ਅਤੇ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਯੋਜਨਾ ਦਾ ਹਿੱਸਾ ਦੱਸਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ