ਪਹਿਲਗਾਮ ’ਚ ਸੈਲਾਨੀਆਂ ਦੀ ਸੁਰੱਖਿਆ ਲਈ ਕਿਊ ਆਰ ਕੋਡ ਲਾਂਚ
ਜੰਮੂ ਕਸ਼ਮੀਰ ਦੇ ਅਧਿਕਾਰੀਆਂ ਨੇ ਪਹਿਲਗਾਮ ਵਿੱਚ ਸੈਲਾਨੀਆਂ ਦੀ ਸੁਰੱਖਿਆ ਵਾਸਤੇ ਸੈਰ-ਸਪਾਟਾ ਸੇਵਾ ਦੇਣ ਵਾਲਿਆਂ ਲਈ ਵਿਲੱਖਣ ਕਿਊ ਆਰ ਕੋਡ ਆਧਾਰਿਤ ਪਛਾਣ ਪ੍ਰਣਾਲੀ ਪੇਸ਼ ਕੀਤੀ ਹੈ ਕਿਉਂਕਿ ਪਿਛਲੇ ਸਾਲ ਇਹ ਖੇਤਰ ਲਸ਼ਕਰ-ਏ-ਤਇਬਾ ਦੇ ਅਤਿਵਾਦੀਆਂ ਦੇ ਘਾਤਕ ਹਮਲੇ ਨਾਲ ਦਹਿਲ ਗਿਆ...
ਜੰਮੂ ਕਸ਼ਮੀਰ ਦੇ ਅਧਿਕਾਰੀਆਂ ਨੇ ਪਹਿਲਗਾਮ ਵਿੱਚ ਸੈਲਾਨੀਆਂ ਦੀ ਸੁਰੱਖਿਆ ਵਾਸਤੇ ਸੈਰ-ਸਪਾਟਾ ਸੇਵਾ ਦੇਣ ਵਾਲਿਆਂ ਲਈ ਵਿਲੱਖਣ ਕਿਊ ਆਰ ਕੋਡ ਆਧਾਰਿਤ ਪਛਾਣ ਪ੍ਰਣਾਲੀ ਪੇਸ਼ ਕੀਤੀ ਹੈ ਕਿਉਂਕਿ ਪਿਛਲੇ ਸਾਲ ਇਹ ਖੇਤਰ ਲਸ਼ਕਰ-ਏ-ਤਇਬਾ ਦੇ ਅਤਿਵਾਦੀਆਂ ਦੇ ਘਾਤਕ ਹਮਲੇ ਨਾਲ ਦਹਿਲ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰਣਾਲੀ ਘੋੜਸਵਾਰਾਂ, ਫੇਰੀ ਵਾਲਿਆਂ, ਵਪਾਰਕ ਅਦਾਰਿਆਂ ਅਤੇ ਬਾਹਰਲੇ ਵਿਕਰੇਤਾਵਾਂ ਸਮੇਤ ਅਸਲ ਅਤੇ ਰਜਿਸਟਰਡ ਸੇਵਾ ਦੇਣ ਵਾਲਿਆਂ ਦੀ ਅਸਾਨੀ ਨਾਲ ਪਛਾਣ ਅਤੇ ਤਸਦੀਕ ਕਰਨ ਵਿੱਚ ਮਦਦ ਕਰਦੀ ਹੈ। ਇਹ ਪਹਿਲਕਦਮੀ ਅਧਿਕਾਰੀਆਂ ਵੱਲੋਂ ਪਹਿਲਗਾਮ ਆਉਣ ਵਾਲੇ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ ਵੱਡਾ ਕਦਮ ਮੰਨੀ ਜਾ ਰਹੀ ਹੈ, ਜਿੱਥੇ ਪਿਛਲੇ ਸਾਲ 22 ਅਪਰੈਲ ਨੂੰ ਹੋਏ ਭਿਆਨਕ ਅਤਿਵਾਦੀ ਹਮਲੇ ’ਚ 25 ਸੈਲਾਨੀ ਮਾਰੇ ਗਏ ਸਨ। ਅਧਿਕਾਰੀ ਨੇ ਦੱਸਿਆ ਕਿ ਹਰ ਸੇਵਾ ਦੇਣ ਵਾਲੇ ਦੀ ਪੁਲੀਸ ਨੇ ਸਹੀ ਤਰ੍ਹਾਂ ਜਾਂਚ ਕੀਤੀ ਹੈ, ਪ੍ਰਸ਼ਾਸਨ ਕੋਲ ਰਜਿਸਟ੍ਰੇਸ਼ਨ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਵਿਲੱਖਣ ਕਿਊ ਆਰ ਕੋਡ ਦਿੱਤਾ ਗਿਆ ਹੈ ਜਿਸ ਵਿੱਚ ਉਸ ਵਿਅਕਤੀ ਦੀ ਨਿੱਜੀ ਜਾਣਕਾਰੀ ਅਤੇ ਹੋਰ ਵੇਰਵੇ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ ਜਦੋਂ ਸੈਲਾਨੀ ਆਪਣੇ ਮੋਬਾਈਲ ਫੋਨਾਂ ਨਾਲ ਇਹ ਕੋਡ ਸਕੈਨ ਕਰਨਗੇ ਤਾਂ ਉਹ ਸਬੰਧਤ ਵਿਅਕਤੀ ਬਾਰੇ ਪੂਰੀ ਜਾਣਕਾਰੀ ਦੇਖ ਸਕਣਗੇ। ਇਹ ਪਹਿਲ ਢੁੱਕਵੀਂ ਅਤੇ ਰਜਿਸਟਰਡ ਪਛਾਣ ਪ੍ਰਣਾਲੀ ਵਜੋਂ ਕੰਮ ਕਰਦੀ ਹੈ ਜੋ ਧੋਖਾਧੜੀ ਰੋਕੇਗੀ ਅਤੇ ਯਕੀਨੀ ਬਣਾਏਗੀ ਕਿ ਕੋਈ ਵੀ ਅਣਅਧਿਕਾਰਤ ਵਿਅਕਤੀ ਸੈਰ-ਸਪਾਟੇ ਨਾਲ ਜੁੜੇ ਹੋਣ ਦਾ ਦਾਅਵਾ ਨਾ ਕਰ ਸਕੇ। ਸੈਰ-ਸਪਾਟਾ ਖੇਤਰ ਨਾਲ ਜੁੜੇ ਲੋਕਾਂ ਨੇ ਇਸ ਪਹਿਲ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਸੇਵਾ ਦੇਣ ਵਾਲਿਆਂ ਦੀ ਪ੍ਰਮਾਣਿਕਤਾ ਤੇ ਸੈਲਾਨੀਆਂ ਦੀ ਸੁਰੱਖਿਆ ਲਈ ਵਧੀਆ ਕਦਮ ਦੱਸਿਆ ਹੈ।

