ਪੂਤਿਨ ਦੌਰੇ ਦਾ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਅਸਰ ਨਹੀਂ ਪਵੇਗਾ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ-ਰੂਸ ਭਾਈਵਾਲੀ 70-80 ਸਾਲਾਂ ’ਚ ਸਭ ਤੋਂ ਵੱਧ ਸਥਿਰ ਰਹੀ ਹੈ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਨਵੀਂ ਦਿੱਲੀ ਦੌਰਾ ਆਰਥਿਕ ਰਿਸ਼ਤਿਆਂ ’ਤੇ ਕੇਂਦਰਤ ਸੀ। ਹਿੰਦੋਸਤਾਨ ਟਾਈਮਜ਼ ਲੀਡਰਸ਼ਿਪ ਸਮਿਟ ਦੌਰਾਨ ਉਨ੍ਹਾਂ ਇਨ੍ਹਾਂ ਵਿਚਾਰਾਂ ਨਾਲ ਅਸਹਿਮਤੀ ਪ੍ਰਗਟਾਈ ਕਿ ਪੂਤਿਨ ਦੇ ਦੌਰੇ ਨਾਲ ਭਾਰਤ ਦੀ ਅਮਰੀਕਾ ਨਾਲ ਵਪਾਰ ਸਮਝੌਤੇ ਸਬੰਧੀ ਵਾਰਤਾ ’ਤੇ ਕੋਈ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ, ‘‘ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ। ਹਰ ਕੋਈ ਜਾਣਦਾ ਹੈ ਕਿ ਭਾਰਤ ਦੇ ਸਾਰੇ ਵੱਡੇ ਮੁਲਕਾਂ ਨਾਲ ਸਬੰਧ ਹਨ।’’
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਮੁਲਕ ਹੋਰ ਪ੍ਰਮੁੱਖ ਤਾਕਤਾਂ ਨਾਲ ਭਾਰਤ ਦੇ ਸਬੰਧ ਤੈਅ ਨਹੀਂ ਕਰ ਸਕਦਾ। ਟਰੰਪ ਪ੍ਰਸ਼ਾਸਨ ਨੇ ਵਪਾਰ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ ਅਤੇ ਭਾਰਤ ਕੌਮੀ ਹਿੱਤਾਂ ਮੁਤਾਬਕ ਹੀ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਜਾਇਜ਼ ਸ਼ਰਤਾਂ ਮੰਨਣ ਲਈ ਤਿਆਰ ਹਾਂ; ਮੇਰਾ ਮਤਲਬ ਹੈ, ਤੁਹਾਡੇ ’ਚੋਂ ਜੋ ਲੋਕ ਸੋਚਦੇ ਹਨ ਕਿ ਕੂਟਨੀਤੀ ਕਿਸੇ ਹੋਰ ਨੂੰ ਖੁਸ਼ ਕਰਨ ਬਾਰੇ ਹੈ ਤਾਂ ਮੈਨੂੰ ਮੁਆਫ਼ ਕਰਨਾ, ਕੂਟਨੀਤੀ ਬਾਰੇ ਮੇਰਾ ਇਹ ਨਜ਼ਰੀਆ ਨਹੀਂ ਹੈ। ਮੇਰੇ ਲਈ ਇਹ ਸਾਡੇ ਕੌਮੀ ਹਿੱਤਾਂ ਦੀ ਰੱਖਿਆ ਬਾਰੇ ਹੈ।’’ ਚੀਨ ਨਾਲ ਭਾਰਤ ਦੇ ਸਬੰਧਾਂ ਬਾਰੇ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਅਤੇ ਸਦਭਾਵਨਾ ਨੂੰ ਕਾਇਮ ਰੱਖਿਆ ਜਾ ਰਿਹਾ ਹੈ ਪਰ ਹੋਰ ਵੀ ਕਈ ਮੁੱਦੇ ਹਨ ਜਿਨ੍ਹਾਂ ’ਤੇ ਚਰਚਾ ਜਾਰੀ ਹੈ। ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਭਾਰਤ ਦੀਆਂ ਜ਼ਿਆਦਾਤਰ ਸਮੱਸਿਆਵਾਂ ਉਸ ਮੁਲਕ ਦੀ ਫ਼ੌਜ ਵੱਲੋਂ ਪੈਦਾ ਹੁੰਦੀਆਂ ਹਨ ਅਤੇ ਉਹ ਦਹਿਸ਼ਤੀ ਗੁੱਟਾਂ ਨੂੰ ਸ਼ਹਿ ਦਿੰਦੀ ਹੈ।
