ਹਵਾਈ ਕਿਰਾਇਆਂ ਨੂੰ ਬਰੇਕਾਂ ਲਾਈਆਂ
ਸਰਕਾਰ ਨੇ ਅੱਜ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਦੀਆਂ ਵਧਦੀਆਂ ਕੀਮਤਾਂ ਕੰਟਰੋਲ ਕਰਨ ਲਈ ਕਿਰਾਏ ਦੀ ਉਪਰਲੀ ਹੱਦ ਤੈਅ ਕਰ ਦਿੱਤੀ ਹੈ। ਇਹ ਫ਼ੈਸਲਾ ਇੰਡੀਗੋ ਏਅਰਲਾਈਨਜ਼ ਦੇ ਸੰਚਾਲਨ ਵਿੱਚ ਆਈ ਰੁਕਾਵਟ ਕਾਰਨ ਟਿਕਟਾਂ ਦੇ ਰੇਟ ਅਸਮਾਨੀ ਚੜ੍ਹਨ ਮਗਰੋਂ ਕੀਤਾ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਹੁਕਮਾਂ ਅਨੁਸਾਰ ਹੁਣ ਹਵਾਈ ਕਿਰਾਇਆ 7,500 ਰੁਪਏ ਤੋਂ ਲੈ ਕੇ 18,000 ਰੁਪਏ ਤੱਕ ਸੀਮਤ ਰਹੇਗਾ।
ਨਵੇਂ ਨਿਯਮਾਂ ਤਹਿਤ 500 ਕਿਲੋਮੀਟਰ ਤੱਕ ਦੀ ਉਡਾਣ ਲਈ ਵੱਧ ਤੋਂ ਵੱਧ ਕਿਰਾਇਆ 7,500 ਰੁਪਏ, 500-1000 ਕਿਲੋਮੀਟਰ ਲਈ 12,000 ਰੁਪਏ, 1000-1500 ਕਿਲੋਮੀਟਰ ਲਈ 15,000 ਰੁਪਏ ਅਤੇ ਇਸ ਤੋਂ ਵੱਧ ਦੂਰੀ ਲਈ 18,000 ਰੁਪਏ ਹੋਵੇਗਾ। ਇਹ ਦਰਾਂ ਬਿਜ਼ਨਸ ਕਲਾਸ ਅਤੇ ‘ਉਡਾਨ’ ਫਲਾਈਟਾਂ ’ਤੇ ਲਾਗੂ ਨਹੀਂ ਹੋਣਗੀਆਂ। ਇਹ ਪਾਬੰਦੀ ਹਾਲਾਤ ਆਮ ਹੋਣ ਤੱਕ ਜਾਰੀ ਰਹੇਗੀ। ਇਸ ਦੌਰਾਨ ਅੱਜ ਇੰਡੀਗੋ ਦੀਆਂ 800 ਤੋਂ ਵੱਧ ਉਡਾਣਾਂ ਰੱਦ ਹੋਈਆਂ। ਬੀਤੇ ਦਿਨ ਇਹ ਗਿਣਤੀ 1,000 ਤੋਂ ਵੱਧ ਸੀ।
ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਏਅਰਲਾਈਨ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇੰਡੀਗੋ ਨੂੰ ਰੱਦ ਹੋਈਆਂ ਉਡਾਣਾਂ ਦੇ ਮੁਸਾਫਰਾਂ ਦਾ ਰਿਫੰਡ ਐਤਵਾਰ ਸ਼ਾਮ ਤੱਕ ਜਾਰੀ ਕਰਨ ਅਤੇ ਗੁੰਮ ਹੋਇਆ ਸਾਮਾਨ ਅਗਲੇ ਦੋ ਦਿਨਾਂ ਵਿੱਚ ਪਹੁੰਚਾਉਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਕੰਪਨੀ ਨੇ ਕਿਹਾ ਕਿ ਉਹ ਗਾਹਕਾਂ ਨੂੰ ਰਿਫੰਡ ਦੇਣ ਦੇ ਮਾਮਲੇ ਪਹਿਲ ਦੇ ਆਧਾਰ ’ਤੇ ਹੱਲ ਕਰ ਰਹੀ ਹੈ ਅਤੇ ਸੇਵਾਵਾਂ ਮੁੜ ਲੀਹ ’ਤੇ ਲਿਆਉਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਇੰਡੀਗੋ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਕੁਝ ਰੂਟਾਂ ’ਤੇ ਕਿਰਾਇਆ 90,000 ਰੁਪਏ ਤੱਕ ਪਹੁੰਚ ਗਿਆ ਸੀ। ਇੰਡੀਗੋ ਦੇ ਸੀ ਈ ਓ ਪੀਟਰ ਐਲਬਰਸ ਨੇ ਵੀਡੀਓ ਜਾਰੀ ਕਰਕੇ ਯਾਤਰੀਆਂ ਨੂੰ ਹੋਈ ਖੱਜਲ-ਖੁਆਰੀ ਲਈ ਮੁਆਫ਼ੀ ਮੰਗੀ ਹੈ।
ਕਾਂਗਰਸ ਨੇ ਸਰਕਾਰ ਘੇਰੀ
ਨਵੀਂ ਦਿੱਲੀ: ਇੰਡੀਗੋ ਉਡਾਣਾਂ ਦੇ ਸੰਕਟ ਦੇ ਮੁੱਦੇ ’ਤੇ ਕਾਂਗਰਸ ਨੇ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਪਾਰਟੀ ਆਗੂ ਸ਼ਸ਼ੀਕਾਂਤ ਸੈਂਥਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਤਾਂ ਹਵਾਈ ਸਫ਼ਰ ’ਚ ਆਸਾਨੀ ਦਾ ਕੀਤਾ ਸੀ ਪਰ ਉਨ੍ਹਾਂ ਹਵਾਈ ਸਫ਼ਰ ਹੀ ਬੰਦ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਸੰਕਟ ਅਚਾਨਕ ਨਹੀਂ ਆਇਆ, ਬਲਕਿ ਇਹ ਭਾਜਪਾ ਸਰਕਾਰ ਵੱਲੋਂ ਖੇਤਰ ਵਿੱਚ ਏਕਾਧਿਕਾਰ ਕਾਇਮ ਕਰਨ ਦੀਆਂ ਨੀਤੀਆਂ ਦਾ ਸਿੱਟਾ ਹੈ। ਕਾਂਗਰਸ ਨੇ ਪੁੱਛਿਆ ਕਿ ਕੀ ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਇਸ ਸੰਕਟ ਦੀ ਜ਼ਿੰਮੇਵਾਰੀ ਲੈਣਗੇ? -ਪੀਟੀਆਈ
ਰੇਲਵੇ ਨੇ 84 ਵਿਸ਼ੇਸ਼ ਟਰੇਨਾਂ ਐਲਾਨੀਆਂ
ਨਵੀਂ ਦਿੱਲੀ: ਇੰਡੀਗੋ ਦੀਆਂ ਵੱਡੇ ਪੱਧਰ ’ਤੇ ਉਡਾਣਾਂ ਰੱਦ ਹੋਣ ਕਾਰਨ ਮੁਸਾਫ਼ਰਾਂ ਨੂੰ ਆ ਰਹੀਆਂ ਔਕੜਾਂ ਤੋਂ ਬਚਾਉਣ ਲਈ ਰੇਲਵੇ ਨੇ ਸ਼ਨਿਚਰਵਾਰ ਨੂੰ ਸਾਰੇ ਜ਼ੋਨਾਂ ’ਚ 84 ਵਿਸ਼ੇਸ਼ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਰੇਲਗੱਡੀਆਂ ਬਾਰੇ ਲੋਕਾਂ ਨੂੰ ਜਾਣੂ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੁਝ ਡਿਵੀਜ਼ਨਾਂ ਨੇ ਆਪਣੇ ਨੇੜਲੇ ਹਵਾਈ ਅੱਡਿਆਂ ਤੱਕ ਇਹ ਜਾਣਕਾਰੀ ਪਹੁੰਚਾ ਵੀ ਦਿੱਤੀ ਹੈ। ਉਧਰ, ਹਵਾਈ ਟਿਕਟਾਂ ਅਤੇ ਹੋਰ ਪ੍ਰਬੰਧ ਕਰਨ ਵਾਲੀ ਕੰਪਨੀ ਇਕਸਿਗੋ ਨੇ ਕਿਹਾ ਕਿ ਉਹ ਇੰਡੀਗੋ ਉਡਾਣਾਂ ਦੀਆਂ ਟਿਕਟਾਂ ਦੇ ਪੈਸੇ ਮੋੜੇਗੀ। -ਪੀਟੀਆਈ
