Pushkar Singh Dhami ਨੇ ਸੜਕੀ ਪ੍ਰਾਜੈਕਟ ਲਈ ਰੁੱਖਾਂ ਦਾ ਵਢਾਂਗਾ ਰੋਕਿਆ
ਜਨਤਾ ਦੀਆਂ ਭਾਵਨਾਵਾਂ ਖ਼ਿਲਾਫ਼ ਕੋਈ ਫ਼ੈਸਲਾ ਨਹੀਂ ਕੀਤਾ ਜਾਵੇਗਾ: ਧਾਮੀ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵਿਕਾਸ ਦੇ ਨਾਲ-ਨਾਲ ਲੋਕਾਂ ਦੀਆਂ ਭਾਵਨਾਵਾਂ ਅਤੇ ਵਾਤਾਵਰਨ ਸੰਭਾਲ ਨੂੰ ਬਰਾਬਰ ਅਹਿਮ ਦਸਦਿਆਂ ਅੱਜ ਰਿਸ਼ੀਕੇਸ਼-ਭਾਨੀਆਵਾਲਾ ਚਾਰ ਲੇਨ ਪ੍ਰਾਜੈਕਟ ਲਈ ਤਜਵੀਜ਼ ਕੀਤੀ ਰੁੱਖਾਂ ਦੀ ਕਟਾਈ ’ਤੇ ਰੋਕ ਲਾਉਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਵਿਕਾਸ ਜ਼ਰੂਰੀ ਹੈ ਪਰ ਜਨਤਾ ਦੀਆਂ ਭਾਵਨਾਵਾਂ, ਵਾਤਾਵਰਨ ਅਤੇ ਸਥਾਨਕ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਕੇ ਕੋਈ ਫ਼ੈਸਲਾ ਨਹੀਂ ਕੀਤਾ ਜਾਵੇਗਾ। ਇਸੇ ਮਕਸਦ ਨਾਲ ਪ੍ਰਮੁੱਖ ਸਕੱਤਰ ਅਤੇ ਸਬੰਧਤ ਅਧਿਕਾਰੀਆਂ ਨੂੰ ਸਾਰੀਆਂ ਸਬੰਧਤ ਧਿਰਾਂ, ਸਥਾਨਕ ਨਾਗਰਿਕਾਂ, ਲੋਕ ਨੁਮਾਇੰਦਿਆਂ ਅਤੇ ਮਾਹਿਰਾਂ ਨਾਲ ਮੁੜ ਵਿਸਥਾਰ ਨਾਲ ਸੰਵਾਦ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ, ‘‘ਜਦੋਂ ਤੱਕ ਸਾਰੀਆਂ ਧਿਰਾਂ ਨਾਲ ਤਸੱਲੀਬਖ਼ਸ਼ ਸਹਿਮਤੀ ਅਤੇ ਭਰੋਸੇ ਦਾ ਮਾਹੌਲ ਨਹੀਂ ਬਣ ਜਾਂਦਾ, ਉਦੋਂ ਤੱਥ ਇਸ ਪ੍ਰਾਜੈਕਟ ਤਹਿਤ ਆਉਣ ਵਾਲੇ ਰੁੱਖਾਂ ਦੀ ਕਟਾਈ ਮੁਲਤਵੀ ਰਹੇਗੀ।’’
ਰਾਹੁਲ ਨੇ ਸੰਸਦ ’ਚ ਮੁੱਦਾ ਚੁੱਕਣ ਦਾ ਭਰੋਸਾ ਦਿੱਤਾ
ਦੇਹਰਾਦੂਨ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰੁੱਖਾਂ ਦੀ ਕਟਾਈ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਹ ਮੁੱਦਾ ਸੰਸਦ ’ਚ ਚੁੱਕਣਗੇ। ਦੇਹਰਾਦੂਨ ਵਿੱਚ ਵਿਦਿਆਰਥੀਆਂ ਸਬੰਧੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ
ਬਾਅਦ ਲੰਘੀ ਰਾਤ ਨੂੰ ਜਦੋਂ ਸ੍ਰੀ ਗਾਂਧੀ ‘ਸਾਤ ਮੋੜ’ ਇਲਾਕੇ ਵਿੱਚੋਂ ਲੰਘ ਰਹੇ ਸਨ ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਜਿਸ ’ਤੇ ਕਾਂਗਰਸ ਆਗੂ ਨੇ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ।

